Saturday, May 4, 2024

ਖ਼ਾਲਸਾ ਕਾਲਜ ਵੁਮੈਨ ਵਿਖੇ ਖੂਨਦਾਨ ਕੈਂਪ

70 ਦੇ ਕਰੀਬ ਖੂਨਦਾਨੀਆਂ ਨੇ ਸਮਾਜ ਸੇਵਾ ’ਚ ਪਾਇਆ ਅਹਿਮ ਯੋਗਦਾਨ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖਤਾ ਦੀ ਸੇਵਾ ਕਰਨ ਦੇ ਮਕਸਦ ਤਹਿਤ ਅੱਜ ਖ਼ਾਲਸਾ ਕਾਲਜ ਵੁਮੈਨ ਦੇ ਰੋਟ੍ਰੈਕਟ ਕਲੱਬ ਵਲੋਂ ‘ਯੂਅਰ ਬਲੱਡ ਕੇਨ ਸੇਵ ਲਾਈਫ਼’ ਸੰਸਥਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਰਿਬਨ ਕੱਟ ਕੇ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਇਸ ਕੈਂਪ ਮੌਕੇ 70 ਦੇ ਕਰੀਬ ਸਮੇਤ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨਦਾਨ ਕੀਤਾ।
ਛੀਨਾ ਨੇ ਕਿਹਾ ਕਿ ਖੂਨ ਦੇ ਨਾਲ ਕਈ ਅਨੋਮਲ ਜਿੰਦੜੀਆਂ ਬਚਾਈਆਂ ਜਾ ਸਕਣਗੀਆਂ ਅਤੇ ਕਤਰਾ ਕਤਰਾ ਕਰ ਕੇ ਇਕੱਠਾ ਕੀਤਾ ਗਿਆ ਖੂਨ ਜ਼ਰੂਰਤਮੰਦ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗਾ।ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਇਕ ਪੁੰਨ ਦਾ ਕਾਰਜ ਹੈ ਜੋ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।ਉਨ੍ਹਾਂ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਨਹੀਂ ਪੈਂਦਾ ਹੈ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਐਮਰਜੈਂਸੀ ਦੇ ਸਮੇਂ ’ਚ ਸੁਰੱਖਿਅਤ ਖੂਨ ਦੀ ਲੋੜ ਲਈ ਜਾਗਰੂਕਤਾ ਪੈਦਾ ਕਰਨਾ ਸੀ।ਸੇਵਾ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਕਦਰਦਾਨੀ ਦਾ ਸਰਟੀਫ਼ਿਕੇਟ ਵੀ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ’ਚ ਲੜਕੀਆਂ ਨੇ ਖੂਨਦਾਨ ਕਰਨ ’ਚ ਵਧੇਰੇ ਜੋਸ਼ ਵਿਖਾਇਆ ਅਤੇ ਕਈ ਵਿਦਿਆਰਥਣਾਂ ਪਹਿਲੀ ਵਾਰ ਖੂਨ ਦਾਨ ਦਾ ਹਿੱਸਾ ਬਣੀਆਂ ਹਨ।
ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਸ ਖੂਨਦਾਨ ਕੈਂਪ ’ਚ ਕਾਲਜ ਦੇ ਸੋਸ਼ਲ ਸਾਇੰਸਜ਼ ਕਲੱਬ, ਐਨ.ਸੀ.ਸੀ, ਐਨ.ਐਸ.ਐਸ, ਰੈਡ ਕਰਾਸ ਅਤੇ ਵਾਈ.ਬੀ.ਸੀ.ਐਸ ਨੇ ਆਪਣਾ ਸਹਿਯੋਗ ਦਿੱਤਾ।ਰੋਟ੍ਰੈਕਟ ਕਲੱਬ ਦੀ ਇੰਚਾਰਜ਼ ਡਾ. ਰਵਿੰਦਰ ਕੌਰ ਨੇ ਕਿਹਾ ਕਿ ਛੀਨਾ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਹੱਲਾਸ਼ੇਰੀ ਅਤੇ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਲਗਾਏ ਗਏ ਕੈਂਪ ਮੌਕੇ ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ।ਉਨ੍ਹਾਂ ਕਿਹਾ ਕਿ ਕੈਂਪ ਦੌਰਾਨ 70 ਦੇ ਕਰੀਬ ਖੂਨਦਾਨੀਆਂ ਨੇ ਸਮਾਜ ਸੇਵਾ ’ਚ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ. ਬਲਜੀਤ ਕੌਰ ਰਿਆੜ, ਪ੍ਰੋ: ਸਮਨਦੀਪ ਕੌਰ, ਡਾ. ਪ੍ਰਦੀਪ ਕੌਰ, ਨਵਿਆ ਭੰਡਾਰੀ, ਨਵਦੀਪ ਕੌਰ, ਡਾ. ਨਮਰਤਾ ਆਦਿ ਸਮੇਤ ਵਿਦਿਆਰਥੀ ਸਟਾਫ਼ ਹਾਜ਼ਰ ਸਨ।

 

Check Also

ਮਜੀਠਾ ਵਿਧਾਨ ਸਭਾ ਹਲਕੇ ਦੇ ਸਕੂਲਾਂ ‘ਚ ਕਰਵਾਏ ਗਏ ਵੋਟਰ ਜਾਗਰੂਕਤਾ ਮੁਕਾਬਲੇ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਯੋਗ ਅਗੁਵਾਈ …