Friday, October 18, 2024

ਇੰਗਲਿਸ਼ ਮੁੰਡਿਆਂ ਤੇ ਡੈਨਿਸ਼ ਕੁੜੀਆਂ ਨੇ ਵੀ ਸੈਮੀ ਫਾਈਨਲ ਦੀ ਟਿਕਟ ਕਟਾਈ

ਪੁਰਸ਼ ਵਰਗ ਵਿੱਚ ਭਾਰਤ, ਪਾਕਿਸਤਾਨ, ਇਰਾਨ ਤੇ ਇੰਗਲੈਂਡ ਪੁੱਜੇ ਆਖਰੀ ਚਹੁੰ ਵਿੱਚ
ਮਹਿਲਾ ਵਰਗ ਵਿੱਚ ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਤੇ ਡੈਨਮਾਰਕ ਦੀਆਂ ਟੀਮਾਂ ਵੀ ਸੈਮੀਜ਼ ਵਿੱਚ ਪੁੱਜੀਆਂ

PPN1712201406

ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਮਹਿਤਾ ਚੌਕ ਦੇ ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਡਰ ਵਿਖੇ ਪੰਜਵੇਂ ਕਬੱਡੀ ਵਿਸ਼ਵ ਕੱਪ ਦੇ ਖੇਡੇ ਗਏ ਪੰਜ ਮੈਚਾਂ ਨਾਲ ਲੀਗ ਦੌਰ ਦੀ ਸਮਾਪਤੀ ਹੋ ਗਈ। ਇਸ ਦੇ ਨਾਲ ਹੀ ਮਹਿਤਾ ਚੌਕ ਪਹਿਲੀ ਵਾਰ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਵਾਲੇ ਸ਼ਹਿਰਾਂ/ਪਿੰਡਾਂ ਵਿੱਚ ਸ਼ੁਮਾਰ ਹੋ ਗਿਆ। ਇਥੇ ਖੇਡੇ ਗਏ ਮੈੈਚਾਂ ਬਾਅਦ ਪੁਰਸ਼ ਵਰਗ ਵਿੱਚੋਂ ਇੰਗਲੈਂਡ ਅਤੇ ਮਹਿਲਾ ਵਰਗ ਵਿੱਚ ਡੈਨਮਾਰਕ ਦੀ ਟੀਮਨੇ ਵੀ ਸੈਮੀ ਫਾਈਨਲ ਦੀ ਟਿਕਟ ਕਟਾ ਲਈ ਅਤੇ ਭਲਕੇ ਦਿੜ੍ਹਬਾ ਵਿਖੇ ਹੋਣ ਵਾਲੇ ਸੈਮੀ ਫਾਈਨਲ ਮੈਚਾਂ ਲਈ ਟੀਮਾਂ ਦੀ ਸਥਿਤੀ ਸਪੱਸ਼ਟ ਹੋ ਗਈ। ਸੈਮੀ ਫਾਈਨਲ ਮੈਚਾਂ ਵਿੱਚ ਪੁਰਸ਼ ਵਰਗ ਵਿੱਚ ਭਾਰਤ ਤੇ ਇੰਗਲੈਂਡ ਅਤੇ ਪਾਕਿਸਤਾਨ ਤੇ ਇਰਾਨ ਦੀਆਂ ਟੀਮਾਂ ਜਦੋਂ ਕਿ ਮਹਿਲਾ ਵਰਗ ਵਿੱਚ ਭਾਰਤ ਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੇ ਡੈਨਮਾਰਕ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਅੱਜ ਖੇਡੇ ਗਏ ਮੈਚਾਂ ਵਿੱਚ ਪੁਰਸ਼ ਵਰਗ ਵਿੱਚ ਪਾਕਿਸਤਾਨ ਨੇ ਅਜੇਤੂ ਰਹਿੰਦਿਆਂ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ। ਇੰਗਲੈਂਡ ਨੇ ਚੌਥੀ ਜਿੱਤ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਕੈਨੇਡਾ ਟੀਮ ਨੇ ਭਾਵੇਂ ਤੀਜੀ ਜਿੱਤ ਹਾਸਲ ਕੀਤੀ ਪਰ ਉਹ ਆਖਰੀ ਚਾਰਾਂ ਵਿੱਚ ਦਾਖਲਾ ਪਾਉਣ ਵਿੱਚ ਨਾਕਾਮਯਾਬ ਰਹੀ। ਮਹਿਲਾ ਵਰਗ ਦੇ ਰੁਮਾਂਚਕ ਮੈਚ ਵਿੱਚ ਜਿੱਤ ਹਾਸਲ ਕਰ ਕੇ ਡੈਨਮਾਰਕ ਨੇ ਦੂਜੀ ਜਿੱਤ ਨਾਲ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ ਜਦੋਂ ਕਿ ਇੰਗਲਿਸ਼ ਮੁਟਿਆਰਾਂ ਵਿਸ਼ਵ ਕੱਪ ਦੀ ਪਹਿਲੀ ਜਿੱਤ ਹਾਸਲ ਕਰ ਕੇ ਸਨਮਾਨਜਨਕ ਵਿਦਾਇਗੀ ਲਈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਮਹਿਤਾ ਚੌਕ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚ ਕਰਵਾਉਣ ਦਾ ਮੌਕਾ ਦਿੱਤਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਕਬੱਡੀ ਪੂਰੀ ਦੁਨੀਆਂ ਵਿੱਚ ਪਹੁੰਚ ਚੁੱਕੀ ਹੈ। ਉਨ੍ਹਾਂ ਵਿਦੇਸ਼ੀ ਟੀਮਾਂ ਦਾ ਮਹਿਤਾ ਚੌਕ ਵਿਖੇ ਪਹੁੰਚਣ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਮਾਤਾ ਜੀ ਸ੍ਰੀਮਤੀ ਗੁਰਨਾਮ ਕੌਰ ਨੂੰ ਵੀ ਸਨਮਾਨਤ ਕੀਤਾ। ਅੱਜ ਦੇ ਮੈਚਾਂ ਦੀ ਪ੍ਰਧਾਨਗੀ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ ਨੇ ਕੀਤੀ ਜਦੋਂ ਕਿ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ.ਵੀਰ ਸਿੰਘ ਲੋਪੋਕੇ, ਵਿਧਾਇਕ ਸ.ਮਨਜੀਤ ਸਿੰਘ ਮੰਨਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਅੱਜ ਦੇ ਮੈਚਾਂ ਦੌਰਾਨ ਭਾਈ ਜਸਬੀਰ ਸਿੰਘ ਰੋਡੇ, ਸੰਤ ਬਾਬਾ ਸੱਜਣ ਸਿੰਘ, ਖੇਡ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਤੇ ਐਸ.ਐਸ.ਪੀ.ਅੰਮ੍ਰਿਤਸਰ ਦਿਹਾਤੀ ਸ੍ਰੀ ਜਸਦੀਪ ਸਿੰਘ ਆਦਿ ਹਾਜ਼ਰ ਸਨ।
ਪਹਿਲਾ ਮੈਚ (ਪੁਰਸ਼ ਵਰਗ)
ਇੰਗਲੈਂਡ ਨੇ ਡੈਨਮਾਰਕ ਨੂੰ 44-21 ਨਾਲ ਹਰਾਇਆ
ਪੁਰਸ਼ ਵਰਗ ਦੇ ਪੂਲ ਬੀ ਦੇ ਅਹਿਮ ਮੈਚ ਵਿੱਚ ਇੰਗਲੈਂਡ ਨੇ ਡੈਨਮਾਰਕ ਨੂੰ 44-21 ਨਾਲ ਹਰਾ ਕੇ ਚੌਥੀ ਜਿੱਤ ਹਾਸਲ ਕਰਦਿਆਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ। ਇਸ ਪੂਲ ਵਿੱਚੋਂ ਇੰਗਲੈਂਡ ਟੀਮ ਦੂਜੇ ਸਥਾਨ ‘ਤੇ ਰਹੀ। ਅੱਧੇ ਸਮੇਂ ਤੱਕ ਇੰਗਲੈਂਡ ਟੀਮ 21-13 ਨਾਲ ਅੱਗੇ ਰਹੀ। ਇੰਗਲੈਂਡ ਦੇ ਰੇਡਰਾਂ ਵਿੱਚੋਂ ਪਰਮਜੀਤ ਸਿੰਘ ਤੇ ਗੁਰਦੇਵ ਸਿੰਘ ਨੇ 9-9 ਅਤੇ ਅਵਤਾਰ ਸਿੰਘ ਨੇ 7 ਅੰਕ ਲਏ ਜਦੋਂ ਕਿ ਜਾਫੀ ਬਲਜੀਤ ਸਿੰਘ ਨੇ 5 ਜੱਫੇ ਲਾਏ। ਡੈਨਿਸ਼ ਟੀਮ ਦੇ ਰੇਡਰ ਕ੍ਰਿਸਟਾਇਨਾ ਮਾਲਮ ਤੇ ਫਰੈਡਿਕ ਨੇ 3-3 ਅੰਕ ਲਏ ਅਤੇ ਜਾਫੀ ਥੌਮਸ ਨੇ 2 ਜੱਫੇ ਲਾਏ।
ਦੂਜਾ ਮੈਚ (ਮਹਿਲਾ ਵਰਗ)
ਡੈਨਮਾਰਕ ਨੇ ਅਮਰੀਕਾ ਨੂੰ 44-32 ਨਾਲ ਹਰਾਇਆ
ਮਹਿਲਾ ਵਰਗ ਦੇ ਪੂਲ ਏ ਮੈਚ ਵਿੱਚ ਡੈਨਮਾਰਕ ਨੇ ਅਮਰੀਕਾ ਨੂੰ 44-32 ਅੰਕਾਂ ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾ ਲਿਆ। ਡੈਨਿਸ਼ ਟੀਮ ਦੂਜੀ ਜਿੱਤ ਨਾਲ ਇਸ ਪੂਲ ਵਿੱਚ ਭਾਰਤ ਤੋਂ ਬਾਅਦ ਦੂਜੇ ਨੰਬਰ ‘ਤੇ ਰਹੀ। ਅੱਧੇ ਸਮੇਂ ਤੱਕ ਡੈਨਮਾਰਕ ਟੀਮ 21-17 ਨਾਲ ਅੱਗੇ ਸੀ। ਡੈਨਿਸ਼ ਰੇਡਰ ਮਿਲੇ ਪੀਟਰਸਨ ਨੇ 14 ਤੇ ਕ੍ਰਿਸਤਾਇਨ ਨੇ 13 ਅੰਕ ਲਏ ਜਦੋਂ ਕਿ ਜਾਫੀ ਕੈਮਿਲਾ ਨੇ 6 ਤੇ ਪੈਰਮਿਲਾ ਨੇ 5 ਜੱਫੇ ਲਾਏ। ਅਮਰੀਕਾ ਟੀਮ ਵੱਲੋਂ ਰੇਡਰ ਗੁਰਅੰਮ੍ਰਿਤ ਕੌਰ ਖਾਲਸਾ ਨੇ 11 ਤੇ ਅਰੁਣਦੀਪ ਨੇ 5 ਅੰਕ ਲਏ ਅਤੇ ਜਾਫੀ ਕੈਡਿਸ ਨੇ 5 ਜੱਫੇ ਲਾਏ।
ਤੀਜਾ ਮੈਚ (ਮਹਿਲਾ ਵਰਗ)
ਇੰਗਲੈਂਡ ਨੇ ਮੈਕਸੀਕੋ ਨੂੰ 38-27 ਨਾਲ ਹਰਾਇਆ
ਦਿਨ ਦੇ ਤੀਜੇ ਮੈਚ ਵਿੱਚ ਮਹਿਲਾ ਵਰਗ ਵਿੱਚ ਇੰਗਲੈਂਡ ਨੇ ਮੈਕੀਸਕੋ ਨੂੰ 38-27ਨਾਲ ਹਰਾ ਕੇ ਆਪਣਾ ਖਾਤਾ ਖੋਲ੍ਹਿਆ। ਇੰਗਲੈਂਡ ਟੀਮ ਭਾਵੇਂ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ ਪਰ ਉਹ ਆਖਰੀ ਜਿੱਤ ਨਾਲ ਸਨਮਾਨਜਨਕ ਵਿਦਾਇਗੀ ਲਈ। ਇੰਗਲੈਂਡ ਟੀਮ ਅੱਧੇ ਸਮੇਂ ਤੱਕ 20-14 ਨਾਲ ਅੱਗੇ ਸੀ। ਇੰਗਲੈਂਡ ਦੀਆਂ ਰੇਡਰਾਂ ਵਿੱਚੋਂ ਕ੍ਰਿਸਟੀ ਕੇਅ ਤੇ ਨਿਕੋਲਾ ਗਰਾਸ ਨੇ 10-10 ਅੰਕ ਲਏ ਜਦੋਂ ਕਿ ਜਾਫੀ ਫੋਡਰ ਨੇ 7 ਜੱਫੇ ਲਾਏ। ਮੈਕਸੀਕੋ ਦੀ ਰੇਡਰ ਡਾਇਨਾ ਫਿਹੋਲਾ ਨੇ 9 ਤੇ ਈਵਾ ਪੈਟਰਾਇਰਾ ਨੇ 8 ਅੰਕ ਲਏ ਜਦੋਂ ਕਿ ਜਾਫੀ ਕ੍ਰਿਸਟਾ ਨੇ 4 ਜੱਫੇ ਲਾਏ।
ਚੌਥਾ ਮੈਚ (ਪੁਰਸ਼ ਵਰਗ)
ਕੈਨੇਡਾ ਨੇ ਸਵੀਡਨ ਨੂੰ 42-16 ਨਾਲ ਹਰਾਇਆ
ਦਿਨ ਦੇ ਚੌਥੇ ਮੈਚ ਵਿੱਚ ਕੈਨੇਡਾ ਨੇ ਸਵੀਡਨ ਨੂੰ 42-16 ਨਾਲ ਹਰਾ ਕੇ ਤੀਜੀ ਜਿੱਤ ਹਾਸਲ ਕੀਤੀ ਪਰ ਉਹ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਿਆ। ਕੈਨੇਡਾ ਟੀਮ ਆਪਣੇ ਪੂਲ ਵਿੱਚ ਦੋ ਹਾਰਾਂ ਨਾਲ ਤੀਜੇ ਸਥਾਨ ‘ਤੇ ਰਹਿ ਗਈ। ਕੈਨੇਡਾ ਟੀਮ ਅੱਧੇ ਸਮੇਂ ਤੱਕ 23-7 ਨਾਲ ਅੱਗੇ ਰਹੀ। ਕੈਨੇਡੀਅਨ ਰੇਡਰ ਵਿੱਕੀ ਘੋਤਰਾ ਨੇ 10 ਤੇ ਗੁਰਪ੍ਰੀਤ ਸਿੰਘ ਨੇ 6 ਅੰਕ ਲਏ ਜਦੋਂ ਕਿ ਜਾਫੀ ਦਲਜਿੰਦਰ ਔਜਲਾ ਨੇ 6 ਤੇ ਜਸਦੀਪ ਸਿੰਘ ਨੇ 4 ਜੱਫੇ ਲਾਏ। ਸਵੀਡਸ਼ ਰੇਡਰ ਹਰਵਿੰਦਰ ਤੇ ਮਨਦੀਪ ਸਿੰਘ ਨੇ 4-4 ਅੰਕ ਲਏ ਅਤੇ ਜਾਫੀ ਕੁਲਜਿੰਦਰ ਸਿੰਘ ਨੇ 3 ਜੱਫੇ ਲਾਏ।
ਪੰਜਵਾਂ ਮੈਚ (ਪੁਰਸ਼ ਵਰਗ)
ਪਾਕਿਸਤਾਨ ਨੇ ਅਰਜਨਟਾਈਨਾ ਨੂੰ 45-20 ਨਾਲ ਹਰਾਇਆ
ਦਿਨ ਦੇ ਪੰਜਵੇਂ ਅਤੇ ਲੀਗ ਦੌਰ ਦੇ ਵੀ ਆਖਰੀ ਮੈਚ ਵਿੱਚ ਪਾਕਿਸਤਾਨ ਨੇ ਅਰਜਨਟਾਈਨਾ ਨੂੰ 45-20 ਨਾਲ ਹਰਾ ਕੇ ਆਪਣੇ ਪੂਲ ਵਿੱਚ ਅਜੇਤੂ ਰਹਿੰਦਿਆਂ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ। ਅਰਜਨਟਾਈਨਾ ਦੀ ਇਹ ਪੰਜਵੀਂ ਹਾਰ ਸੀ। ਪਾਕਿਸਤਾਨ ਇਸ ਜਿੱਤ ਨਾਲ ਪੂਲ ਵਿੱਚ ਸਿਖਰ ‘ਤੇ ਰਿਹਾ। ਪਾਕਿਸਤਾਨ ਟੀਮ ਅੱਧੇ ਸਮੇਂ ਤੱਕ 25-9 ਨਾਲ ਅੱਗੇ ਸੀ। ਪਾਕਿਸਤਾਨ ਦੇ ਰੇਡਰਾਂ ਵਿੱਚੋਂ ਰਹਿਮਾਨ ਇਸ਼ਤਾਇਕ ਤੇ ਨਦੀਮ ਰਾਣਾ ਨੇ 11-11 ਅੰਕ ਲਏ ਜਦੋਂ ਕਿ ਜਾਫੀ ਸਾਜਦ ਗੁੱਜਰ ਨੇ 6 ਜੱਫੇ ਲਾਏ। ਅਰਜਨਟਾਈਨਾ ਟੀਮ ਵੱਲੋਂ ਰੇਡਰ ਬਰੂਨੋ ਐਲਬਰਟੋ ਨੇ 9 ਅੰਕ ਲਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply