Saturday, July 27, 2024

ਮੰਚ ਵਲੋਂ ਕੇਂਦਰੀ ਹਵਾਬਾਜ਼ੀ ਮੰਤਰੀ ਵਲੋਂ ਅੰਮ੍ਰਿਤਸਰ-ਕਨੇਡਾ ਸਿੱਧੀ ਉਡਾਣ ਦਾ ਸਵਾਗਤ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਲਈ ਸਿੱਧੀ ਹਵਾਈ ਉਡਾਨ ਸ਼ੁਰੂ ਕਰਨ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨੀ ਸਮਾਰੋਹ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤੀ ਰਾਦਿੱਤਿਆ ਸਿੰਧੀਆ ਨੇ ਐਲਾਨ ਕੀਤਾ ਕਿ ਕਨੇਡਾ ਵੱਸਦੇ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਛੇਤੀ ਹੀ ਭਾਰਤੀ ਏਅਰਲਾਈਨਜ਼ ਵਲੋਂ ਅੰਮ੍ਰਿਤਸਰ-ਕਨੇਡਾ ਸਿੱਧੀ ਹਵਾਈ ਉਡਾਨ ਸ਼ੁਰੂ ਕਰ ਦਿੱਤੀ ਜਾਵੇਗੀ।ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਦਲਜੀਤ ਸਿੰਘ ਸੈਣੀ ਅਤੇ ਰਵਰੀਤ ਸਿੰਘ ਵਲੋਂ ਕੇਂਦਰੀ ਮੰਤਰੀ ਦੇ ਇਸ ਐਲਾਨ ਦਾ ਭਰਪੂਰ ਸਵਾਗਤ ਕੀਤਾ ਗਿਆ।
ਯਾਦ ਰਹੇ ਕਿ ਅੰਮ੍ਰਿਤਸਰ ਵਿਕਾਸ ਮੰਚ ਦੀ ਸਹਿਯੋਗੀ ਜਥੇਬੰਦੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਮੋਹਿਤ ਧੰਜੂ ਨੇ ਕਨੇਡਾ ਦੀ ਪਾਰਲੀਮੈਂਟ ਵਿੱਚ ਅੰਮ੍ਰਿਤਸਰ-ਕਨੇਡਾ ਸਿੱਧੀ ਹਵਾਈ ਉਡਾਨ ਸ਼ੁਰੂ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਭਰਪੂਰ ਸਮੱਰਥਨ ਮਿਲਿਆ ਸੀ।ਕਨੇਡੀਅਨ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਬਰੈਡ ਵਿਸ ਨੇ ਅੰਮ੍ਰਿਤਸਰ-ਕਨੇਡਾ ਸਿੱਧੀ ਹਵਾਈ ਉਡਾਨ ਸ਼ੁਰੂ ਕਰਨ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਕਨੇਡਾ ਗਏ ਭਾਰਤੀ ਹਵਾਬਾਜ਼ੀ ਮੰਤਰੀ ਨਾਲ ਕਨੇਡੀਅਨ ਹਵਾਬਾਜ਼ੀ ਮੰਤਰੀ ਐਲਗਾਬਰਾ ਨੇ ਇਹ ਹਵਾਈ ਉਡਾਣ ਸ਼ੁਰੂ ਕਰਨ ਦੀ ਤਜਵੀਜ਼ ਨੂੰ ਵਿਚਾਰਿਆ ਸੀ।ਅੱਜ ਦੇ ਉਦਘਾਟਨੀ ਸਮਾਰੋਹ ਮੌਕੇ ਕੇਂਦਰੀ ਹਵਾਬਾਜ਼ੀ ਮੰਤਰੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਨ ਚੁੱਘ, ਏਅਰ ਇੰਡੀਆ ਏਅਰਲਾਈਨਜ਼ ਦੇ ਵਿਲੀਅਮ ਅਤੇ ਅੰਮ੍ਰਿਤਸਰ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਰਜਿੰਦਰ ਮੋਹਨ ਸਿੰਘ ਛੀਨਾ, ਡਾਇਰੈਕਟਰ ਏਅਰਪੋਰਟ ਅਤੇ ਏਅਰ ਇੰਡੀਆ ਏਅਰਲਾਈਨਜ਼ ਦੇ ਅੰਮ੍ਰਿਤਸਰ ਮੈਨੇਜਰ ਸ਼ਾਮਲ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …