ਕਿਹਾ, ਕੇਂਦਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਵਿਸਾਖੀ ’ਤੇ ਦਿੱਤਾ ਤੋਹਫਾ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸਿੱਖ ਸ਼ਰਧਾਲੂਆਂ ਲਈ ਅੰਮ੍ਰਿਤਸਰ ਤੋਂ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ‘ਗੁਰੂ ਕ੍ਰਿਪਾ ਯਾਤਰਾ ਟਰੇਨ’ ਸ਼ੁਰੂ ਕਰਨ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਹੈ।ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ 9 ਤੋਂ 15 ਅਪ੍ਰੈਲ ਤੱਕ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਲਈ ਨਵੀਂ ਰੇਲ ਗੱਡੀ ਸ਼ੁਰੂ ਕਰਨ ਸਬੰਧੀ ਮੋਦੀ ਸਰਕਾਰ ਦਾ ਧੰਨਵਾਦੀ ਹੈ।
ਛੀਨਾ ਨੇ ਸਮੂਹ ਸਿੱਖ ਭਾਈਚਾਰੇ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮਿਲ ਕੇ ਬੀਤੀ ਦਿਨੀਂ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰ ਕੇ ਉਕਤ ਸਪੈਸ਼ਲ ਰੇਲਗੱਡੀ ਨੂੰ ਚਲਾਉਣ ਦੀ ਅਪੀਲ ਕੀਤੀ ਸੀ।ਜਿਸ ਨੂੰ ਮੋਦੀ ਅਤੇ ਰੇਲ ਮੰਤਰੀ ਨੇ ਅਮਲੀਜ਼ਾਮਾ ਪਹਿਨਾਉਦਿਆਂ ਹੁਣ ਇਸ ਵਿਸ਼ੇਸ਼ ਰੇਲ ਗੱਡੀ ਨੂੰ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ।ਛੀਨਾ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਇਸ ਟਰੇਨ ਰਾਹੀਂ ਆਪਣੇ ਇਤਿਹਾਸਕ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਰੇਲ ਗੱਡੀ 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਚੱਲੇਗੀ, ਜੋ ਕਿ ਹੋਰਨਾਂ ਰਾਜਾਂ ਦਿੱਲੀ, ਮਹਾਰਾਸ਼ਟਰ ਦੇ ਨਾਂਦੇੜ ਅਤੇ ਬਿਦਰ ’ਚੋਂ ਹੁੰਦੀ ਹੋਈ ਸ੍ਰੀ ਹਜ਼ੂਰ ਸਾਹਿਬ ਪੁੱਜੇਗੀ।ਉਨ੍ਹਾਂ ਕਿਹਾ ਕਿ ਇਥੋਂ ਰੇਲਗੱਡੀ ਬਿਹਾਰ ਦੇ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਜਾਵੇਗੀ ਅਤੇ ਦਿੱਲੀ ਤੋਂ ਹੁੰਦੀ ਹੋਈ 15 ਅਪ੍ਰੈਲ ਨੂੰ ਗੁਰੂ ਨਗਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਪਹੁੰਚੇਗੀ।ਉਨ੍ਹਾਂ ਕਿਹਾ ਕਿ ਰੇਲਵੇ ਦੁਆਰਾ ਸ਼ਰਧਾਲੂਆਂ ਲਈ ਟਿਕਟ ’ਚ ਭੋਜਨ, ਠਹਿਰਨ ਅਤੇ ਸੈਰ-ਸਪਾਟਾ ਤੋਂ ਇਲਾਵਾ ਏ.ਸੀ, ਸਲੀਪਰ ਅਤੇ ਨਾਨ-ਏ.ਸੀ ਡੱਬਿਆਂ ’ਚ ਯਾਤਰਾ ਕਰਨ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਪੇਸ਼ਕਸ਼ ਦਾ ਫ਼ੈਸਲਾ ਕੀਤਾ ਗਿਆ ਹੈ।
ਸਿੱਖ ਭਾਈਚਾਰੇ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੇ ਮਕਸਦ ਤਹਿਤ ਪ੍ਰਧਾਨ ਮੰਤਰੀ ਕੋਲ ਉਕਤ ਮੰਗ ਰੱਖੀ ਗਈ ਸੀ, ਜਿਸ ’ਤੇ ਉਨ੍ਹਾਂ ਅਮਲ ਕਰਦਿਆਂ ਖੁਦ ‘ਗੁਰੂ ਕ੍ਰਿਪਾ’ ਨਾਂ ਦੀ ਵਿਸ਼ੇਸ਼ ਟਰੇਨ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ’ਤੇ ਸਿੱਖ ਸ਼ਰਧਾਲੂਆਂ ਨੂੰ ਤੋਹਫ਼ੇ ਵਜੋਂ ਚਲਾਇਆ ਹੈ।ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਲਖਨਊ ਤੋਂ ਇਕ ਹੋਰ ‘ਗੁਰੂ ਕ੍ਰਿਪਾ ਟਰੇਨ’ ਸ਼ੁਰੂ ਕੀਤੀ ਹੈ, ਜੋ ਸਾਰੇ ਪੰਜ ਪਵਿੱਤਰ ਤਖ਼ਤਾਂ ਨੂੰ ਜੋੜਦੀ ਹੈ।
ਛੀਨਾ ਨੇ ਉਮੀਦ ਜ਼ਾਹਿਰ ਕੀਤੀ ਕਿ ਅਜਿਹੀ ਰੇਲਗੱਡੀ ਦੀਵਾਲੀ ਮੌਕੇ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਉਹ ਪਹਿਲਾਂ ਹੀ ਮਾਣਯੋਗ ਪ੍ਰਧਾਨ ਮੰਤਰੀ ਨੂੰ ਬੇਨਤੀ ਕਰ ਚੁੱਕੇ ਹਨ।ਇਸੇ ਦੌਰਾਨ ਉਨ੍ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਸਮੂਹ ਗੁਰਦੁਆਰਿਆਂ ’ਚ ਨੋਟਿਸ ਬੋਰਡਾਂ ਰਾਹੀਂ ਆਮ ਸਿੱਖ ਸੰਗਤ ’ਚ ‘ਗੁਰੂ ਕ੍ਰਿਪਾ ਰੇਲਗੱਡੀ’ ਸਬੰਧੀ ਜਾਣਕਾਰੀ ਜਨਤਕ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਸੰਗਤਾਂ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।