ਸੰਗਰੂਰ, 28 ਮਾਰਚ (ਜਗਸੀਰ ਲੋਂਗੋਵਾਲ) – ਜਿਲ੍ਹਾ ਪ੍ਰਸਾਸ਼ਨ ਸੰਗਰੂਰ ਵਲੋਂ ਅੰਗਹੀਣ ਮੁੜ ਵਸੇਬਾ ਕੇਂਦਰ ਸੰਗਰੂਰ ਅਤੇ ਆਰਟੀਫੀਸ਼ੀਅਲ ਲਿੰਬਜ਼
ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਅਲਿਮਕੋ) ਦੇ ਸਹਿਯੋਗ ਨਾਲ ਜਿਲ੍ਹੇ ਦੇ 228 ਦਿਵਿਆਂਗਜਨ ਨੂੰ ਸਹਾਇਕ ਸਮੱਗਰੀ ਦੀ ਵੰਡ ਕੀਤੀ ਗਈ।ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਸਮੇਤ ਸਥਾਨਕ ਪਾਰੁਲ ਪੈਲੇਸ ’ਚ ਲਗਾਏ ਵਿਸ਼ਾਲ ਸਮਾਜਿਕ ਅਧਿਕਾਰਤਾ ਕੈਂਪ ਦੌਰਾਨ ਸਮੂਹ ਸਬ ਡਵੀਜ਼ਨਾਂ ਵਿਚੋਂ ਆਏ ਦਿਵਿਆਂਗਜਨ ਨੂੰ 60.31 ਲੱਖ ਰੁਪਏ ਦੇ ਮੁੱਲ ਦੇ 501 ਸਹਾਇਕ ਉਪਕਰਨ ਵੰਡੇ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਿਵਿਆਂਗਜਨ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਉਪਰਾਲੇ ਲਈ ਅਲਿਮਕੋ ਮੋਹਾਲੀ ਵਲੋਂ ਇਨ੍ਹਾਂ ਲਾਭਪਾਤਰੀਆਂ ਦੀਆਂ ਲੋੜਾਂ ਦੇ ਅਨੁਕੂਲ ਸਹਾਇਕ ਸਮੱਗਰੀ ਮੁਹੱਈਆ ਕਰਵਾਉਣ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਬੈਟਰੀ ਨਾਲ ਚੱਲਣ ਵਾਲੇ 94 ਟ੍ਰਾਈਸਾਈਕਲ, 48 ਟ੍ਰਾਈਸਾਈਕਲ, 42 ਫੋਲਡਿੰਗ ਵ੍ਹੀਲਚੇਅਰ, 152 ਵੈਸਾਖੀਆਂ, 30 ਵਾਕਿੰਗ ਸਟਿਕ, 6 ਰੋਲੇਟਰ, 40 ਕੰਨਾਂ ਦੀਆਂ ਮਸ਼ੀਨਾਂ, 6 ਐਮ.ਐਸ.ਆਈ.ਈ.ਡੀ ਕਿੱਟ, 81 ਬਣਾਉਟੀ ਅੰਗ, 1 ਸਮਾਰਟ ਕੇਨ ਅਤੇ 1 ਸਮਾਰਟ ਫੋਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ’ਚ ਸਹਾਇਕ ਸਮੱਗਰੀ ਲਈ ਲੋੜਵੰਦਾਂ ਦੀ ਪਛਾਣ ਲਈ ਨਿਯਮਤ ਤੌਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ ਅਤੇ ਪਿਛਲੇ ਵਰ੍ਹੇ ਸਬ ਡਵੀਜ਼ਨਾਂ ਵਿਖੇ ਲਗਾਏ ਗਏ ਕੈਂਪਾਂ ਦੌਰਾਨ ਇਨ੍ਹਾਂ ਲੋੜਵੰਦਾਂ ਦੀ ਪਛਾਣ ਕੀਤੀ ਗਈ ਸੀ।ਅਖੀਰ ਵਿੱਚ ਅਲਿਮਕੋ ਦੇ ਡਿਪਟੀ ਮੈਨੇਜਰ ਇਸ਼ਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।
ਇਸ ਮੌਕੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ, ਅਲਿਮਕੋ ਮੋਹਾਲੀ ਤੋਂ ਅਸ਼ੋਕ ਕੁਮਾਰ ਸਾਹੂ, ਮਿੰਟੂ ਬਾਂਸਲ ਅਤੇ ਵੱਡੀ ਗਿਣਤੀ ’ਚ ਦਿਵਿਆਂਗਜਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media