Friday, February 23, 2024

ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ

ਯੂਨੀਵਰਸਿਟੀ ‘ਚ ਭਾਰਤੀ ਖੇਤੀ, ਅੰਤਰਰਾਸ਼ਟਰੀ ਸਹਿਯੋਗ ਤੇ ਚੁਣੌਤੀਆਂ ਬਾਰੇ ਲੈਕਚਰ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਐਜੂਕੇਸ਼ਨ ਟਰੱਸਟ ਜਲੰਧਰ ਵਿਚਕਾਰ ਹੋਏ ਸਮਝੌਤਿਆਂ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੀ ਯਾਦ ਵਿੱਚ ਕਰਵਾਇਆ ਗਿਆ।
ਇਸ ਸਾਲ 2023 ਦਾ ਇਹ ਲੈਕਚਰਸ਼ਿਪ ਪੁਰਸਕਾਰ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਉਦੈਪੁਰ ਰਾਜਸਥਾਨ ਅਤੇ ਖ਼ਾਲਸਾ ਯੂਨੀਵਰਸਿਟੀ, ਪੰਜਾਬ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. (ਡਾ.) ਐਸ.ਐਸ. ਚਾਹਲ ਨੂੰ ਦਿੱਤਾ ਗਿਆ।ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਮੁਖੀ ਡਾ. ਜਤਿੰਦਰ ਕੌਰ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ।ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਲਾਈਫ਼ ਸਾਇੰਸਿਜ਼, ਪ੍ਰੋ. ਐਚ.ਐਸ ਸੈਣੀ ਨੋਡਲ ਅਫ਼ਸਰ ਪ੍ਰੋ. ਵਸੁਧਾ ਸੰਬਿਆਲ ਹਾਜ਼ਰ ਸਨ। ਡਾ. ਆਸਥਾ ਭਾਟੀਆ ਨੇ ਰਸਮੀ ਤੌਰ `ਤੇ ਲੈਕਚਰਸ਼ਿਪ ਐਵਾਰਡੀ, ਪ੍ਰੋ. ਐਸ.ਐਸ ਚਾਹਲ ਦੀ ਜਾਣ-ਪਛਾਣ ਕਰਵਾਈ।
ਪ੍ਰੋ. ਚਾਹਲ ਨੇ ਭਾਰਤੀ ਖੇਤੀ, ਅੰਤਰਰਾਸ਼ਟਰੀ ਸਹਿਯੋਗ ਅਤੇ ਚੁਣੌਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਵਿੱਚ ਟਿਕਾਊ ਖੇਤੀ ਲਈ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨਾ 21ਵੀਂ ਸਦੀ ਦੀ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸੱਚਾਈ ਹੈ ਕਿ ਪੰਜਾਬ ਵਿੱਚ ਮਾਰਚ ਮਹੀਨੇ ਦੀ ਗਰਮੀ ਕਾਰਨ 2022 ਵਿੱਚ ਕਣਕ ਦੇ ਝਾੜ ‘ਚ 20 ਤੋਂ 30 ਫੀਸਦੀ ਦਾ ਨੁਕਸਾਨ ਹੋਇਆ ਹੈ ਅਤੇ 2023 ਵਿੱਚ ਵੀ ਅਜਿਹੀ ਸਥਿਤੀ ਪੈਦਾ ਹੋਣ ਦਾ ਖਦਸ਼ਾ ਹੈ।ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣਾ ਇੱਕ ਵੱਡਾ ਕਾਰਜ਼ ਹੈ, ਜੋ ਕਿ ਕਿਸਾਨੀ ਦੀ ਲੋੜ ਹੈ ਤੇ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।ਜਲਵਾਯੂ ਅਨੁਕੂਲ ਫਸਲਾਂ ਦੀਆਂ ਕਿਸਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਡਾ. ਚਾਹਲ ਨੇ ਕਿਹਾ ਕਿ 2023 ਵਿਚ ਜੀ-20 ਦੇਸ਼ਾਂ ਦੀ ਭਾਰਤ ਵੱਲੋਂ ਕੀਤੀ ਗਈ ਪ੍ਰਧਾਨਗੀ, ਖੇਤੀਬਾੜੀ `ਤੇ ਆਪਣੇ ਵਰਕਿੰਗ ਗਰੁੱਪ ਰਾਹੀਂ ਖੇਤੀਬਾੜੀ ਮਾਰਕੀਟਿੰਗ ਸੂਚਨਾ ਪ੍ਰਣਾਲੀ, ਭੋਜਨ ਦੀਆਂ ਕੀਮਤਾਂ ਵਿਚ ਅਸਥਿਰਤਾ ਅਤੇ ਹੋਰ ਖੁਰਾਕੀ ਚੁਣੌਤੀਆਂ ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਅਤੇ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਇਕ ਮੌਕਾ ਹੈ।ਭੋਜਨ ਅਤੇ ਖੇਤੀ ਪ੍ਰਤੀ ਵਚਨਬੱਧਤਾਵਾਂ ਬਾਰੇ ਦਸਦਿਆਂ ਦੇਸ਼ ਦੀ ਵਧਦੀ ਆਬਾਦੀ ਦੀ ਲਗਾਤਾਰ ਵਧ ਰਹੀ ਖੁਰਾਕ ਦੀ ਮੰਗ ਨੂੰ ਪੂਰਾ ਕਰਨ ਲਈ ਵਧੇਰੇ ਯਤਨਾਂ ਦੀ ਲੋੜ ਹੈ।ਡਾਇਰੈਕਟਰ ਖੋਜ ਪ੍ਰੋ. ਰੇਣੂ ਭਾਰਦਵਾਜ ਨੇ ਲੈਕਚਰ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਚਾਹਲ ਨੂੰ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਅਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ।ਧੰਨਵਾਦ ਦਾ ਮਤਾ ਡਾ. ਮੁਕੇਸ਼ ਕੰਵਰ ਨੇ ਪੇਸ਼ ਕੀਤਾ।
ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਉੱਘੇ ਵਿਗਿਆਨੀ ਪ੍ਰੋ. ਅਵਿਨਾਸ਼ ਕੌਰ ਨਾਗਪਾਲ, ਪ੍ਰੋ. ਸਰੋਜ ਅਰੋੜਾ, ਪ੍ਰੋ. ਰਜਿੰਦਰ ਕੌਰ, ਪ੍ਰੋ. ਪੀ.ਕੇ ਪਤੀ, ਡਾ. ਬਲਬੀਰ ਸਿੰਘ, ਡਾ. ਪੂਜਾ ਓਹਰੀ, ਡਾ. ਮਨਪ੍ਰੀਤ ਕੌਰ, ਡਾ. ਆਸਥਾ ਭਾਟੀਆ, ਡਾ. ਕ੍ਰਿਤਿਕਾ ਪੰਡਿਤ ਅਤੇ ਡਾ. ਸੰਦੀਪ ਕੌਰ ਹਾਜ਼ਰ ਸਨ।ਲੈਕਚਰ ਵਿੱਚ ਲਾਈਫ ਸਾਇੰਸਜ਼ ਦੇ ਵੱਖ-ਵੱਖ ਵਿਭਾਗਾਂ ਦੇ ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ …