Thursday, February 29, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਮੈਂ ਤੇ ਮੇਰੀ ਕਹਾਣੀ ਸਿਰਜਣਾ` `ਤੇ ਯਾਦਗਾਰੀ ਭਾਸ਼ਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋਫੈ਼ਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ `ਮੈਂ ਤੇ ਮੇਰੀ ਕਹਾਣੀ ਸਿਰਜਣਾ` ਵਿਸ਼ੇ `ਤੇ ਕਰਵਾਇਆ ਗਿਆ।ਇਸ ਯਾਦਗਾਰੀ ਭਾਸ਼ਣ ਵਿਚ ਡਾ. ਸੁਧਾ ਜਤਿੰਦਰ ਡੀਨ ਭਾਸ਼ਾਵਾਂ ਫੈਕਲਟੀ ਅਤੇ ਡਾਇਰੈਕਟਰ ਐਚ.ਆਰ.ਡੀ.ਸੀ ਨੇ ਮੁੱਖ ਮਹਿਮਾਨ, ਸੁਖਜੀਤ (ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਨਾਮਵਰ ਪੰਜਾਬੀ ਕਹਾਣੀਕਾਰ) ਨੇ ਮੁੱਖ ਵਕਤਾ ਤੇ ਡਾ. ਰਮਿੰਦਰ ਕੌਰ (ਪ੍ਰੋਫੈ਼ਸਰ,ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਪ੍ਰਧਾਨ ਵਜੋਂ ਸ਼ਿਰਕਤ ਕੀਤੀ।
ਯਾਦਗਾਰੀ ਭਾਸ਼ਣ ਦੇ ਕੋਆਰਡੀਨੇਟਰ ਅਤੇ ਮੁਖੀ (ਪੰਜਾਬੀ ਅਧਿਐਨ ਸਕੂਲ) ਡਾ. ਬਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸੁਖਜੀਤ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਨਿਪੁੰਨ ਕਹਾਣੀਕਾਰ ਹਨ।ਇਨ੍ਹਾਂ ਨੇ ਆਪਣੀ ਰਚਨਾ ਰਾਹੀਂ ਤੈਹਾਂ ਵਿਚ ਪਏ ਮਨੁੱਖੀ ਯਥਾਰਥ ਨੂੰ ਚਿਤਰਿਆ।ਇਨ੍ਹਾਂ ਨੂੰ ਇਕੋ ਵੇਲੇ ਜੀਵਨ ਦੇ ਵਰਤਾਰਿਆਂ ਅਤੇ ਸਾਹਿਤ ਸ਼ਾਸਤਰ ਦੀ ਡੂੰਘੀ ਸਮਝ ਹੈ।ਯਾਦਗਾਰੀ ਭਾਸ਼ਣ ਦੇ ਮੁੱਖ ਵਕਤਾ ਸੁਖਜੀਤ ਨੇ ਆਪਣੀ ਸਿਰਜਣਾ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਾਹਿਤਕਾਰ ਕਲਾ ਰਾਹੀਂ ਆਪਣੇ ਅਨੁਭਵ ਦੀ ਸਾਰਥਕ ਪੇਸ਼ਕਾਰੀ ਕਰ ਸਕਦਾ ਹੈ।ਸ਼ਬਦ ਅਸੀਮ ਸ਼ਕਤੀ ਦੇ ਮਾਲਕ ਹੁੰਦੇ ਹਨ।ਇਨ੍ਹਾਂ ਦਾ ਸਾਰਥਕ ਪ੍ਰਯੋਗ ਸਾਹਿਤਕਾਰ ਦੇ ਅਨੁਭਵ ਨੂੰ ਵਿਲੱਖਣ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ।ਸਾਹਿਤਕਾਰ ਦੀ ਮੂਲ ਜ਼ਿੰਮੇਵਾਰੀ ਸਮੇਂ ਦੇ ਸੱਚ ਨੂੰ ਚਿਤਰਣ ਵਿਚ ਹੈ।
ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਧਾ ਜਤਿੰਦਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਖਜੀਤ ਭਾਰਤੀ ਸਾਹਿਤ ਦੀ ਨੁਮਾਇੰਦਗੀ ਕਰਨ ਵਾਲਾ ਸਮਰੱਥ ਕਹਾਣੀਕਾਰ ਹੈ, ਜਿਸ ਵਿਚ ਮਾਨਵੀ ਸੰਵੇਦਨਾ ਸਾਹ ਲੈਂਦੀ ਹੈ।ਇਸ ਕਹਾਣੀਕਾਰ ਨੇ ਸੰਵੇਦਨਾ ਨੂੰ ਅਹਿਸਾਸਾਂ ਦੀ ਗਹਿਰਾਈ ਨਾਲ ਪ੍ਰਸਤੁਤ ਕੀਤਾ ਹੈ।ਡਾ. ਰਮਿੰਦਰ ਕੌਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸੁਖਜੀਤ ਇਕ ਸੰਵੇਦਨਸ਼ੀਲ ਲੇਖਕ ਹੈ।ਉਸ ਕੋਲ ਵਿਸ਼ਲੇਸ਼ਣੀ ਨੀਝ ਹੈ ਜਿਸ ਰਾਹੀਂ ਉਹ ਸਮਾਜਿਕ ਯਥਾਰਥ ਨੂੰ ਸਹੀ ਅਰਥਾਂ ਵਿਚ ਪ੍ਰਸਤੁਤ ਕਰਦਾ ਹੈ।ਸੁਖਜੀਤ ਦੀ ਸਾਹਿਤਕ ਸਾਧਨਾ ਲੰਮੇਰੀ ਹੈ।ਡਾ. ਸਰਬਜਿੰਦਰ ਸਿੰਘ ਤੇ ਕਹਾਣੀਕਾਰ ਦੀਪ ਦਵਿੰਦਰ ਨੇ ਸੁਖਜੀਤ ਦੀ ਸਿਰਜਣ ਪ੍ਰਕਿਰਿਆ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ।ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਉਹਨਾਂ ਦੀ ਸਾਹਿਤ ਸਿਰਜਣਾ ਬਾਰੇ ਵਿਚਾਰ ਚਰਚਾ ਕੀਤੀ ਗਈ।ਮੰਚ ਸੰਚਾਲਨ ਅਸਿਸਟੈਂਟ ਪ੍ਰੋਫੈ਼ਸਰ ਡਾ. ਮੇਘਾ ਸਲਵਾਨ ਨੇ ਕੀਤਾ।ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਹਰਿੰਦਰ ਕੌਰ ਸੋਹਲ ਵਲੋਂ ਆਏ ਹੋਏ ਵਿਦਵਾਨਾਂ ਦਾ ਰਸਮੀ ਧੰਨਵਾਦ ਕੀਤਾ ਗਿਆ।
ਇਸ ਮੌਕੇ ਡਾ. ਦਲਬੀਰ ਸਿੰਘ, ਡਾ. ਵਿਸ਼ਾਲ, ਡਾ. ਸੁਖਬੀਰ ਕੌਰ ਮਾਹਲ, ਅਰਵਿੰਦਰ ਧਾਲੀਵਾਲ, ਯੂ.ਬੀ ਗਿੱਲ, ਡਾ. ਸੁਨੀਲ ਕੁਮਾਰ. ਡਾ. ਸੁਨੀਤਾ, ਡਾ. ਸਪਨਾ, ਡਾ. ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ਼ ਤੇ ਵਿਦਿਆਰਥੀ ਵੱਡੀ ਗਿਣਤੀ ‘ਚ ਹਾਜ਼ਰ ਰਹੇ।

Check Also

ਪਿੰਡਾਂ ਦੀ ਆਰਥਿਕ ਤਰੱਕੀ ਲਈ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਲਾਕ ਹਰਸ਼ਾਛੀਨਾ ਵਿਖੇ …