Sunday, February 25, 2024

ਨੀਲੀ ਛੱਤ ਵਾਲਾ

ਵੱਡਾ ਸਾਰਾ ਮੋਬਾਈਲ ਹੱਥ ਵਿੱਚ ਲੈ ਕੇ ਹਰਜੀਤ ਆਪਣੇ ਬਾਪੂ ਕਰਨੈਲ ਸਿੰਘ ਨੂੰ ਕਹਿੰਦਾ “ਬਾਪੂ ਜੀ ਆਓ ਨਿਆਈ ਵਾਲੀ ਕਣਕ ਤਾਂ ਵੇਖ ਆਈਏ ਕੀ ਬਣਿਆ ਏ ਉਸ ਦਾ।ਹੁਣ ਅਗਲਾ ਮੀਂਹ ਝੱਲੂ ਕਿ ਨਹੀਂ ” ਕਿਉ? ਬਾਪੂ ਗੱਲ ਕਿਉਂ ਦੀ ਨਹੀਂ, ਆਹ ਵੇਖ ਲੈ ਮੋਬਾਈਲ, ਨੈਟ ਵਾਲੇ ਫਿਰ ਪਰਸੋਂ ਚੌਥ ਦਾ ਭਾਰੀ ਮੀਂਹ ਤੇ ਗੜੇ੍ਹਮਾਰੀ ਦੱਸ ਰਹੇ ਨੇ।
ਫਿਰ ਕੀ ਹੋਊ ਇਹ ਕੋਈ ਸਾਡੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਮੇਂ ਦੀ ਮਾਰ ਹੋਣੀ ਹੈ, ਪੁੱਤਰਾ।ਸਾਡੇ ਕਾਲਿਆਂ ਤੋਂ ਧੋਲੇ ਆ ਗਏ ਨੇ ਇਹ ਸਭ ਵੇਖਦੇ ਵੇਖਦੇ।ਹਰ ਸਾਲ ਕਦੇ ਕਣਕਾਂ ‘ਤੇ ਮੀਂਹ ਵਰ ਜਾਂਦਾ ਹੈ।ਕਦੇ ਨਰਮੇ ਨੂੰ ਸੁੰਡੀ ਪੈ ਜਾਂਦੀ ਹੈ।ਕਦੇ ਝੋਨਾ ਹੜ੍ਹਾਂ ਵਿੱਚ ਰੁੜ੍ਹ ਜਾਂਦਾ ਏ।ਕਦੇ ਡੰਗਰਾਂ ਨੂੰ ਜਾਨ ਲੇਵਾ ਬਿਮਾਰੀ ਪੈ ਜਾਂਦੀ ਹੈ।ਅਸੀਂ ਫਿਰ ਵੀ ਤੇਰੇ ਸਾਹਮਣੇ ਤੁਰੇ ਫਿਰਦੇ ਆਂ।ਬੰਦਾ ਕਰੇ ਤੇ ਉਸ ਨੂੰ ਕੁੱਝ ਕਿਹਾ ਵੀ ਜਾ ਸਕਦਾ ਹੈ, ਇਹ ਤਾਂ ਆਪ ਨੀਲੀ ਛੱਤ ਵਾਲਾ ਕਰ ਰਿਹਾ ਹੈ।ਉਸ ਦੇ ਅੱਗੇ ਤਾਂ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ, ਇਸ ਅੱਗੇ ਕਾਹਦਾ ਜ਼ੋਰ ਏ।ਪਰ ਪੁੱਤਰਾ ਇੱਕ ਗੱਲ ਯਾਦ ਰੱਖੀਂ, ਅਗਰ ਜ਼ਿਮੀਦਾਰਾ ਕਰਨਾ ਈ ਤੇ ਫਿਰ ਦਿਲ ਦਰਿਆ ਜਿੱਡਾ ਕਰਨਾ ਪਊ, ਕਿਉਂਕਿ ਜ਼ਿਮੀਦਾਰਾਂ ਨੂੰ ਸਾਰੇ ਪਾਸਿਓਂ ਮਾਰ ਪੈਂਦੀ ਹੈ।ਭਾਵੇਂ ਉਹ ਮੌਸਮ ਦੀ ਹੋਵੇ ਤੇ ਭਾਵੇਂ ਸਰਕਾਰ ਦੀ।ਪੁੱਤਰਾ ਹੌਸਲਾ ਰੱਖ ਨੀਲੀ ਛੱਤ ਵਾਲਾ ਜੋ ਕਰਦਾ ਹੈ, ਠੀਕ ਹੀ ਕਰਦਾ ਹੈ।ਕੋਈ ਗੱਲ ਨਹੀਂ ਸਭ ਕੁੱਝ ਠੀਕ ਹੋ ਜਾਵੇਗਾ।ਨੀਲੀ ਛੱਤ ਵਾਲਾ ਆਪਾਂ ਨੂੰ ਭੁੱਖਾ ਨਹੀਂ ਮਰਨ ਦਿੰਦਾ ਪੁੱਤਰਾ।0204202301

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ। ਮੋ – 7589155501

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …