ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਮੀਟਿੰਗ ਸਥਾਨਕ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਬੇਰੀ ਗੇਟ ਵਿਖੇ ਜਿਲ੍ਹਾ ਪ੍ਰਧਾਨ ਪ੍ਰਦੀਪ ਸਰੀਨ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੌਰਾਨ ਛੇਵੇਂ ਪੇਅ-ਕਮਿਸ਼ਨ ਨੂੰ ਉਡੀਕਦੇ-ਉਡੀਕਦੇ ਸੰਸਾਰ ਤੋਂ ਚੱਲ ਵੱਸੇ ਸਹਾਇਤਾ ਪ੍ਰਾਪਤ ਸਕੂਲਾਂ ਕਰਮਚਾਰੀਆਂ ਵਲੋਂ ਯੂਨੀਅਨ ਦੇ ਸੰਘਰਸ਼ ਵਿਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।ਸੂਬੇ ਦੇ ਵਾਈਸ ਪ੍ਰਧਾਨ ਜਗਦੀਸ਼ ਸਿੰਘ, ਜਿਲ੍ਹਾ ਪ੍ਰਧਾਨ ਪ੍ਰਦੀਪ ਸਰੀਨ, ਸਾਬਕਾ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਯਸ਼ਪਾਲ ਸ਼ਰਮਾ ਤੇ ਸੁਰਜੀਤ ਸਿੰਘ ਗੋਰਾ ਨੇ ਕਿਹਾ ਕਿ ਏਡਿਡ ਸਕੂਲਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵੀ ਪੈਨਸ਼ਨ ਪੇਮੈਂਟ ਆਡਰ (ਪੀ.ਪੀ.ਓ) ਸਾਲ-ਸਾਲ ਨਹੀਂ ਮਿਲਦੇ।ਪੈਨਸ਼ਨ ਮਿਲਣ `ਚ ਦੇਰੀ ਹੋਣ ਕਰਕੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਤੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਂਦਾ ਹੈ।ਉਨਾਂ ਨੇ ਕਿਹਾ ਕਿ ਵਿਭਾਗ ਵਲੋਂ ਸੇਵਾਮੁਕਤ ਕਰਮਚਾਰੀਆਂ ਦੇ ਸੀ.ਐਂਡ.ਵੀ ਕਾਡਰ ਦੇ ਪੀ.ਪੀ.ਓ ਆਰਡਰ ਜਾਰੀ ਕਰਨ `ਚ ਕਰਕੇ ਉਹਨਾਂ ਨੂੰ ਖੱਜ਼ਲ-ਖੁਆਰ ਕਰ ਰਿਹਾ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਨੂੰ ਵੀ ਪੰਜਾਬ ਸਰਕਾਰ ਦੇ ਕਰਮਚਾਰੀਆਂ ਵਾਂਗ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਉਹਨਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨਾਲ ਯੂਨੀਅਨ ਦੇ ਨੁਮਾਇੰਦਿਆਂ ਦੀ ਰੁਕੇ ਹੋਏ ਪੀ.ਪੀ.ਓ ਆਰਡਰ, ਛੇਵੇਂ ਪੇਅ-ਕਮਿਸ਼ਨ ਅਤੇ ਹੋਰ ਹੱਕੀ ਮੰਗਾਂ ਸਬੰਧੀ ਚੱਲ ਰਹੀ ਗੱਲਬਾਤ ‘ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਸੇਵਾਮੁਕਤੀ ਉਪਰੰਤ ਯੂਨੀਅਨ ਦੇ ਨਵੇਂ ਬਣੇ ਮੈਂਬਰਾਂ ਯਸ਼ਪਾਲ ਸ਼ਰਮਾ, ਮਦਨ ਗੋਪਾਲ ਮਹਾਜਨ, ਸਤਿਆਪਾਲ ਸ਼ਰਮਾ, ਮੋਹਨ ਲਾਲ, ਪ੍ਰਦੀਪ ਮਲਿਕ ਅਤੇ ਸੁਖਦੇਵ ਬਿਆਲਾ ਦਾ ਸਵਾਗਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …