Thursday, October 17, 2024

ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ‘ਤੇ ਖੇਤੀ ਮਸ਼ੀਨਰੀ ਲੈਣ ਲਈ ਬਿਨੈ ਪੱਤਰ 20 ਜੁਲਾਈ ਤੱਕ – ਡਿਪਟੀ ਕਮਿਸਨਰ

ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵਲੋਂ ਕਿਸਾਨਾਂ ਨੂੰ ਆਨਲਾਈਨ ਅਰਜ਼ੀਆਂ ਦੇਣ ਦੀ ਅਪੀਲ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਵਿੱਚ ਫ਼ਸਲੀ ਰਹਿੰਦ-ਖੂੰਹਦ ਖ਼ਾਸ ਤੌਰ ’ਤੇ ਸਾਉਣੀ-ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਵਿੱਚ ਸਹਾਈ ਖੇਤੀਬਾੜੀ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾਣਗੀਆਂ, ਇਸ ਲਈ ਕਿਸਾਨਾਂ ਤੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ।ਡਿਪਟੀ ਕਮਿਸਨਰ ਅਮਿਤ ਤਲਵਾੜ ਨੇ ਦੱਸਿਆ ਕਿ ਕਿਸਾਨ ਇਹ ਬਿਨੈ-ਪੱਤਰ ਆਨਲਾਈਨ ਮਾਧਿਅਮ ਰਾਹੀਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਐਗਰੀ ਮਸ਼ੀਨਰੀ ਪੋਰਟਲ ’ਤੇ 20 ਜੁਲਾਈ 2023 ਤੱਕ ਕਰ ਸਕਦੇ ਹਨ ।
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ. ਜਤਿੰਦਰ ਸਿੰਘ ਗਿੱਲ ਵਲੋ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਅਧੀਨ ਦਿੱਤੀ ਜਾ ਰਹੀ ਸੁਵਿਧਾ ਦਾ ਲਾਭ ਪ੍ਰਾਪਤ ਕਰਨ ਤਾਂ ਜੋ ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਬੰਦ ਹੋ ਸਕੇ।ਵਧੇਰੇ ਜਾਣਕਾਰੀ ਲਈ ਕਿਸਾਨ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਦੇ ਦਫ਼ਤਰਾਂ ’ਚ ਜਾ ਕੇ ਸੰਪਰਕ ਕਰ ਸਕਦੇ ਹਨ।ਉਹਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ ਤੇ ਰੇਕ (ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ), ਹੈਪੀ ਸੀਡਰ (ਪਰਾਲੀ ਨੂੰ ਜ਼ਮੀਨ ‘ਤੇ ਵਿਛਾ ਕੇ ਕਣਕ ਦੀ ਬਿਜ਼ਾਈ ਕਰਨ ਵਾਲੀ ਮਸ਼ੀਨ), ਜ਼ੀਰੋ ਟਿੱਲ ਡਰਿੱਲ (ਖੇਤ ਨੂੰ ਵਾਹੇ ਬਿਨਾਂ ਕਣਕ ਦੀ ਬਿਜ਼ਾਈ ਕਰਨ ਵਾਲੀ ਮਸ਼ੀਨ), ਸੁਪਰ ਸੀਡਰ (ਪਰਾਲੀ ਨੂੰ ਖੇਤ ਵਿੱਚ ਮਿਲਾਉਂਦੇ ਹੋਏ ਕਣਕ ਦੀ ਸਿੱਧੀ ਬਿਜ਼ਾਈ ਕਰਨ ਵਾਲੀ ਮਸ਼ੀਨ), ਉਲਟਾਵਾਂ ਪਲਾਓ (ਪਰਾਲੀ ਨੂੰ ਖੇਤ ਵਿੱਚ ਮਿਲਾਉਣ ਵਾਲਾ ਪਲਟਾਊ ਹਲ), ਪੈਡੀ ਸਟਰਾਅ ਚੌਪਰ/ਸ਼ਰੈਡਰ/ਮਲਚਰ (ਪਰਾਲੀ ਦਾ ਕੁਤਰਾ ਕਰਨ ਵਾਲੀਆਂ ਮਸ਼ੀਨਾਂ), ਕਰਾਪ ਰੀਪਰ (ਜ਼ਮੀਨ ਦੇ ਨੇੜਿਉਂ ਝੋਨੇ ਦੀ ਫ਼ਸਲ ਕੱਟਣ ਵਾਲੀ ਮਸ਼ੀਨ), ਸ਼ਰਬ ਮਾਸਟਰ/ਰੋਟਰੀ ਸਲੈਸ਼ਰ ( ਪਰਾਲੀ ਦੇ ਕਰਚੇ ਕੱਟਣ ਵਾਲੀ ਮਸ਼ੀਨ), ਸਮਾਰਟ ਸੀਡਰ (ਪਰਾਲੀ ਵਿਚ ਕਣਕ ਦੀ ਸਿੱਧੀ ਬਿਜ਼ਾਈ ਕਰਨ ਵਾਲੀ ਮਸ਼ੀਨ) ਤੇ ਸੁਪਰ ਐਸ.ਐਮ.ਐਸ (ਕੰਬਾਈਨ ਤੋਂ ਬਾਹਰ ਨਿਕਲੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਇਕਸਾਰ ਖਿਲਾਰਨ ਵਾਲੀ ਮਸ਼ੀਨ) ਮਸ਼ੀਨਾਂ ਦੀ ਖ਼ਰੀਦ ਤੇ ਸਬਸਿਡੀ ਪ੍ਰਾਪਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਨਿਯਮ ਤੇ ਸ਼ਰਤਾਂ ਪੋਰਟਲ ’ਤੇ ਉਪਲੱਬਧ ਹੋਣਗੀਆਂ।
ਇੰਜ: ਮਨਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਅਰਜ਼ੀ ਭਰਨ ਸਮੇ ਕਿਸਾਨ ਕੋਲ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਸਵੈ-ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ (ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ) ਆਦਿ ਹੋਣਾ ਲਾਜ਼ਮੀ ਹੈ।ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਹੋਰ ਸੰਸਥਾਵਾਂ ਦੇ ਮੁੱਖੀ ਅਤੇ ਮੈਂਬਰਾਂ ਦੇ ਅਧਾਰ ਕਾਰਡ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ।ਅਰਜੀਆਂ ਪ੍ਰਾਪਤ ਹੋਣ ਉਪਰੰਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਦੀ ਖਰੀਦ ਕਰਨ ਲਈ ਮਨਜ਼ੂਰੀ ਪੱਤਰ ਪੋਰਟਲ ਰਾਹੀਂ ਹੀ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਕਿਸਾਨ ਮਿਥੇ ਸਮੇਂ ਦੇ ਅੰਦਰ-ਅੰਦਰ ਵਿਭਾਗ ਵਲੋਂ ਪ੍ਰਵਾਨਿਤ ਅਤੇ ਪੋਰਟਲ ਵਿੱਚ ਦਰਜ਼ ਆਪਣੇ ਮਨਪਸੰਦ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਤੋਂ ਮਸ਼ੀਨ ਦੀ ਖਰੀਦ ਕਰ ਸਕਣਗੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਣ ਲਈ ਵਿਭਾਗ ਨਾਲ ਨਿਰੰਤਰ ਰਾਬਤਾ ਕਾਇਮ ਰੱਖਣ।

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …