Tuesday, April 1, 2025
Breaking News

ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਰਚਨਾ ਪਾਂਡੇ ਅਤੇ ਬ੍ਰਗੇਡੀਅਰ ਸੀ.ਬੀ.ਕੇ ਬੈਨਰਜੀ ਵੀ ਮੌਜ਼ੂਦ ਸਨ।ਜਨਰਲ ਮਨੋਜ ਪਾਂਡੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ਼ਾਹਬਾਜ਼ ਸਿੰਘ ਅਤੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ, ਸਿੱਖ ਪ੍ਰੰਪਰਾਵਾਂ ਅਤੇ ਇਥੇ ਸਥਿਤ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਕੁੱਝ ਸਮੇਂ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਵੀ ਸ਼ਰਧਾ ਪ੍ਰਗਟਾਈ।
ਇਸ ਦੌਰਾਨ ਫ਼ੌਜ ਮੁਖੀ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਓ.ਐਸ.ਡੀ ਸਤਬੀਰ ਸਿੰਘ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੇ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ।ਸਨਮਾਨ ਵਿਚ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦਿੱਤੀਆਂ ਗਈਆਂ।ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਫ਼ੌਜ ਮੁਖੀ ਦਾ ਧਿਆਨ ਕੱਝ ਸਿੱਖ ਮਸਲਿਆਂ ਵੱਲ ਵੀ ਦਿਵਾਇਆ।
ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਦੀਆਂ ਆਪਣੀਆਂ ਭਾਵਨਾਵਾਂ ਨੂੰ ਯਾਤਰੂ ਕਿਤਾਬ ਵਿਚ ਦਰਜ਼ ਕਰਦਿਆਂ ਲਿਖਿਆ, “ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਪਰਮਾਤਮਾ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਭਾਰਤੀ ਫ਼ੌਜ ਦੇ ਸਾਰੇ ਰੈਂਕਾਂ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਬਖ਼ਸ਼ਣ।”
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਬੁਲਾਰਾ ਹਰਭਜਨ ਸਿੰਘ ਵਕਤਾ, ਮੈਨੇਜਰ ਨਿਸ਼ਾਨ ਸਿੰਘ, ਬਿਕਰਮਜੀਤ ਸਿੰਘ ਝੰਗੀ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਸੂਚਨਾ ਅਧਿਕਾਰੀ ਜਤਿੰਦਰਪਾਲ ਸਿੰਘ ਆਦਿ ਮੌਜ਼ੂਦ ਸਨ।

Check Also

ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …