Wednesday, July 17, 2024

ਦਰਿਆ ਨਾਲ ਖੁਰਦ ਬੁਰਦ ਹੋਈਆਂ ਜ਼ਮੀਨਾਂ ਦਾ ਦੇਵਾਂਗੇ ਮੁਆਵਜ਼ਾ – ਧਾਲੀਵਾਲ

15 ਅਗਸਤ ਤੱਕ ਗਿਰਦੁਆਰੀ ਦਾ ਕੰਮ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਅਜਨਾਲਾ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡਾਂ ਵਿਚ ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਕਰੋਪੀ ਵਿੱਚ ਜਿਥੇ ਫਸਲਾਂ ਦਾ ਨੁਕਸਾਨ ਹੋਇਆ ਹੈ, ਉਥੇ ਕਈ ਥਾਵਾਂ ‘ਤੇ ਰਾਵੀ, ਸਤੁਲਜ ਅਤੇ ਘੱਗਰ ਦਰਿਆ ਆਪਣੇ ਕਿਨਾਰੇ ਪੈਂਦੀਆਂ ਜ਼ਮੀਨਾਂ ਨੂੰ ਤੇਜ਼ ਵਹਾਅ ਕਾਰਨ ਆਪਣੇ ਨਾਲ ਲੈ ਗਿਆ ਹੈ, ਅਜਿਹੇ ਕਿਸਾਨਾਂ ਦੀਆਂ ਦਰਿਆ ਬੁਰਦ ਹੋਈਆਂ ਜ਼ਮੀਨਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ।ਅਜਨਾਲਾ ਹਲਕੇ ਦੇ ਵਿੱਚ ਅੱਜ ਰੂੜੇਵਾਲ, ਘਮਰਾਹ ਅਤੇ ਪੰਜਗਰਾਂਈ, ਜਿਸ ਦੀ ਸੈਂਕੜੇ ਏਕੜ ਜ਼ਮੀਨ ਬੀਤੇ ਦੋ ਦਿਨਾਂ ਵਿਚ ਰਾਵੀ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ, ਉਸ ਦਾ ਮੌਕਾ ਵੇਖਣ ਮੌਕੇ ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਅਤੇ ਕੱਲ ਕੈਬਨਿਟ ਮੀਟਿੰਗ ਵਿੱਚ ਵੀ ਇਸ ਮੁੱਦੇ ‘ਤੇ ਲੰਮੀ ਚਰਚਾ ਹੋਈ ਹੈ।ਉਨਾਂ ਕਿਹਾ ਕਿ ਅਸੀਂ 15 ਅਗਸਤ ਤੱਕ ਫਸਲਾਂ ਅਤੇ ਜ਼ਮੀਨਾਂ ਦੀ ਗਿਰਦਾਵਰੀ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਕਿਸਾਨਾਂ ਦੇ ਨੁਕਸਾਨ ਦਾ ਸਹੀ ਜਾਇਜ਼ਾ ਲੈ ਕੇ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕੇ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਾਰੇ ਕੇਂਦਰ ਸਰਕਾਰ ਕੋਲ ਵੀ ਮੁੱਦਾ ਚੁੱਕਿਆ ਹੈ, ਕਿਉਂਕਿ ਦਰਿਆਵਾਂ ਦਾ ਕੰਟਰੋਲ ਕੇਂਦਰ ਸਰਕਾਰ ਦੇ ਕੋਲ ਹੈ ਅਤੇ ਕੁਦਰਤੀ ਆਫਤ ਵਿੱਚ ਸੂਬਾ ਸਰਕਾਰਾਂ ਦੀ ਮਦਦ ਕਰਨਾ ਕੇਂਦਰ ਸਰਕਾਰ ਦਾ ਫਰਜ਼ ਵੀ ਹੈ।ਉਨਾਂ ਦੱਸਿਆ ਕਿ ਦਰਿਆਵਾਂ ਵਿੱਚ ਅਜੇ ਵੀ ਪਾਣੀ ਬਹੁਤ ਤੇਜ਼ ਹੈ, ਜੋ ਕਿ ਲਗਾਤਾਰ ਜ਼ਮੀਨ ਨੂੰ ਢਾਹ ਲਗਾ ਰਿਹਾ ਹੈ।ਉਨਾਂ ਕਿਹਾ ਕਿ ਇਸ ਢਾਅ ਦਾ ਪੱਕਾ ਹੱਲ ਵੀ ਕੀਤਾ ਜਾਵੇਗਾ ਅਤੇ ਦਰਿਆ ਦੇ ਕੰਢੇ ਪੱਥਰ ਲਗਾ ਕੇ ਇਸ ਨੁਕਸਾਨ ਨੂੰ ਪੱਕੇ ਤੌਰ ‘ਤੇ ਰੋਕ ਦਿੱਤਾ ਜਾਵੇਗਾ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …