ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ, ਡੈਸਟੀਨੇਸ਼ਨ ਵੈਡਿੰਗ ਅਤੇ ਯੂਨਿਟੀ ਮਾਲ ਬਾਰੇ ਵਿਚਾਰਾਂ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੰਮ੍ਰਿਤਸਰ ਦੇ ਹੋਟਲ ਸਨਅਤ ਨਾਲ ਜੁੜੇ ਲੋਕਾਂ, ਟ੍ਰੈਵਲ ਏਜੰਟ ਅਤੇ ਗਾਈਡਜ਼ ਨਾਲ ਮੀਟਿੰਗ ਕੀਤੀ। ਉਨਾ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਤੇ ਇਤਿਹਾਸਿਕ ਸ਼ਹਿਰ ਹੈ ਅਤੇ ਅੰਮ੍ਰਿਤਸਰ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਪਰ ਦਰਸ਼ਨ ਕਰਕੇ ਦੂਸਰੇ ਦਿਨ ਹੀ ਵਾਪਸ ਚਲੇ ਜਾਂਦੇ ਹਨ।ਉਨਾਂ ਕਿਹਾ ਕਿ ਯਾਤਰੂਆਂ ਨੂੰ ਇੱਥੇ ਇਕ ਤੋਂ ਵੱਧ ਦਿਨ ਰੋਕਣ ਲਈ ਅੰਮ੍ਰਿਤਸਰ ਦੀਆਂ ਇਤਿਹਾਸਿਕ ਅਤੇ ਵਿਰਾਸਤੀ ਇਮਾਰਤਾਂ ਨੂੰ ਉਜਾਗਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਇਸ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਵਿੱਚ ਅੰਮ੍ਰਿਤਸਰ ਦੇ ਇਤਿਹਾਸ ਪ੍ਰਤੀ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਹੋਵੇਗੀ ਅਤੇ ਸੈਲਾਨੀ ਪੰਜਾਬ ਤੇ ਪੰਜਾਬੀਅਤ ਬਾਰੇ ਜਾਣ-ਸਮਝ ਸਕਣਗੇ।ਉਨਾਂ ਦੱਸਿਆ ਕਿ ਯਾਤਰੂਆਂ ਦੀ ਵਧ ਰਹੀ ਆਮਦ ਨੂੰ ਦੇਖਦੇ ਹੋਏ ਵਿਰਾਸਤੀ ਮਾਰਗ ਦਾ ਹੋਰ ਵਿਸਥਾਰ ਹੋਰ ਬਜ਼ਾਰਾਂ ਤੱਕ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਲਾਨੀਆਂ ਨੂੰ ਰਾਹਤ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੀ ਯੋਜਨਾ ਅੰਮ੍ਰਿਤਸਰ ਨੂੰ ‘ਡੈਸਟੀਨੇਸ਼ਨ ਵੈਡਿੰਗ’ ਵਜੋਂ ਵਿਕਸਤ ਕਰਨ ਦੀ ਹੈ, ਤਾਂ ਜੋ ਦੇਸ਼ ਵਿਦੇਸ਼ਾਂ ਤੋਂ ਸੈਲਾਨੀ ਇਥੇ ਆ ਕੇ ਜਿਆਦਾ ਸਮਾਂ ਰੁਕ ਸਕਣ, ਤੇ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਦੇਸ਼ ਭਰ ਦੀਆਂ ਕਲਾ ਕ੍ਰਿਤਾਂ ਦੇ ਵਿਕਰੀ ਕੇਂਦਰ ਲਈ ਅੰਮ੍ਰਿਤਸਰ ਵਿੱਚ ‘ਯੂਨਿਟੀ ਮਾਲ’ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।ਇਸ ਮਾਲ ਵਿੱਚ ‘ਮੇਡ ਇਨ ਇੰਡੀਆ’ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਦੀਆਂ ਕਲਾ ਕਿਰਤਾਂ ਨੂੰ ਇਕ ਛੱਤ ਹੇਠ ਵੇਚਣ ਲਈ ਵੱਡਾ ਸ਼ਾਪਿੰਗ ਮਾਲ ਬਣਾਇਆ ਜਾਵੇਗਾ, ਜਿਸ ਨੂੰ ਯੂਨੀਟੀ ਮਾਲ ਦਾ ਨਾਮ ਦਿੱਤਾ ਗਿਆ ਹੈ।ਪੰਜਾਬ ਦੇ 23 ਜਿਲ੍ਹਿਆਂ ਨੂੰ ਇਕ -ਇਕ ਸਟਾਲ ਪੱਕੇ ਤੌਰ ‘ਤੇ ਦਿੱਤਾ ਜਾਵੇਗਾ।ਜਿਥੇ ਉਹ ਆਪੋ ਆਪਣੇ ਸੂਬੇ ਅਤੇ ਜਿਲ੍ਹੇ ਦੇ ਮਿਆਰੀ ਉਤਪਾਦਾਂ ਦੀ ਵਿਕਰੀ ਕਰ ਸਕਣਗੇ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੇਸ਼ ਦੇ 36 ਰਾਜ ਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਇੱਕ ਇੱਕ ਵੱਡਾ ਹਾਲ ਵਿਕਰੀ ਕੇਂਦਰ ਵਜੋਂ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਲਜ਼ੀਜ਼ ਪਕਵਾਨਾਂ ਦਾ ਸੁਆਦ ਦੇਣ ਲਈ ਇਸ ਕੰਪਲੈਕਸ ਵਿਚ ਫੂਡ ਕੋਰਟ ਵੀ ਬਣਾਇਆ ਜਾਵੇਗਾ।ਇਸ ਦੇ ਤਿਆਰ ਹੋਣ ਨਾਲ ਦੇਸ਼ਾ ਵਿਦੇਸ਼ਾਂ ਤੋਂ ਆਏ ਯਾਤਰੂ ਇਥੇ ਆ ਕੇ ਮਿਆਰੀ ਉਤਪਾਦਾਂ ਦੀ ਖਰੀਦ ਕਰ ਸਕਣਗੇ, ਜਿਸ ਨਾਲ ਆਰਥਿਕ ਲਾਹਾ ਵੀ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਬੱਚਿਆਂ ਲਈ ਮਨਮੋਹਕ ਪਾਰਕ ਵੀ ਵਿਚਾਰ ਅਧੀਨ ਹੈ।ਮੀਟਿੰਗ ਵਿਚ ਹੋਟਲ ਇੰਡਸਟਰੀ ਅਤੇ ਟੂਰ ਟ੍ਰੈਵਲ ਏਜੰਟਾਂ ਵਲੋਂ ਆਪਣੀਆਂ ਮੰਗਾਂ ਵੀ ਰੱਖੀਆਂ ਗਈਆਂ।
ਇਸ ਮੌਕੇ ਜਿਲ੍ਹਾ ਟੂਰਿਸਟ ਅਫ਼ਸਰ ਗੁਰਸ਼ਰਨ ਸਿੰਘ, ਟੂਰਿਸਟ ਅਫ਼ਸਰ ਨਵਦੀਪ ਤੋਂ ਇਲਾਵਾ ਵੱਡੀ ਗਿਣਤੀ ‘ਚ ਹੋਟਲ ਇੰਡਸਟਰੀ ਤੇ ਟੂਰ ਟ੍ਰੈਵਲ ਏਜੰਟਾਂ ਦੇ ਨੁਮਾਇੰਦੇ ਹਾਜ਼ਰ ਸਨ।