Friday, November 22, 2024

ਝਾਰਖੰਡ ਦੇ ਆਦਿਵਾਸੀ ਵਿਦਿਆਰਥੀਆਂ ਨੇ ਜਾਗੋ, ਸੰਮੀ ਤੇ ਪੰਜਾਬੀ ਗੀਤਾਂ ਦੇ ਨਾਲ ਝਾਰਖੰਡ ਸਭਿਆਚਾਰ ਕੀਤਾ ਪੇਸ਼

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਭਾਰਤ ਦੀ ਖੂਬਸੂਰਤੀ ਅਤੇ ਮਹਾਨਤਾ ਦੇਸ਼ ਦੀ ਵੰਨ-ਸੁਵੰਨਤਾ ਵਿੱਚ ਸਮਾਈ ਹੋਈ ਹੈ, ਜਿਸ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।ਵੱਖ-ਵੱਖ ਸਮਾਜਾਂ ਦੇ ਸਭਿਆਚਾਰ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆ ਦਾ ਜਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਦੂਰ-ਅੰਦੇਸ਼ੀ ਸਦਕਾ ਸਭਿਆਚਾਰਕ ਅਦਾਨ-ਪ੍ਰਦਾਨ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਹੀ ਅੱਜ ਝਾਰਖੰਡ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸਕ ਦਸ਼ਮੇਸ਼ ਆਡੀਟੋਰੀਅਮ ਵਿੱਚ ਆਪਣੇ ਖਿੱਤੇ ਦੇ ਸਭਿਆਚਾਰ ਅਤੇ ਸਭਿਆਚਾਰਕ ਕਲਾਤਮਿਕ ਵੰਨਗੀਆਂ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ।
ਅੱਜ ਦੇ ਸਭਿਆਚਾਰਕ ਅਦਾਨ ਪ੍ਰਦਾਨ ਦੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਝਾਰਖੰਡ ਦੇ ਸਭਿਆਚਾਰ ਅਤੇ ਇਤਿਹਾਸ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਇੱਕ-ਦੂਜੇ ਦੇ ਸਭਿਆਚਾਰ ਨੂੰ ਗੰਭੀਰਤਾ ਨਾਲ ਸਮਝਣ ਅਤੇ ਇੱਕ-ਦੂਜੇ ਦੇ ਨੇੜੇ ਆ ਕੇ ਪਿਆਰ-ਮੁਹੱਬਤ ਵਧਾਉਣ ਦੇ ਸਬੱਬ ਬਣਦੇ ਹਨ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਕਾਲਜ ਧੰਨਬਾਦ ਝਾਰਖੰਡ ਵਲੋਂ ਸਾਂਝੇ ਤੌਰ ਕਰਵਾਏ ਵੰਨਸੁਵੰਨੇ ਸਭਿਆਚਾਰਾਂ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਝਾਰਖੰਡ ਦੇ ਅਦਿਵਾਸੀ ਵਿਦਿਆਰਥੀਆਂ ਨੇ ਜਿਥੇ ਆਪਣੇ ਖਿੱਤੇ ਦੇ ਸਭਿਆਚਾਰ ਅਤੇ ਇਤਿਹਾਸ ਨੂੰ ਵੱਖ-ਵੱਖ ਸੰਗੀਤ ਅਤੇ ਨਾਚ ਦੀਆਂ ਕਲਾ ਵੰਨਗੀਆਂ ਨੂੰ ਸਫਲਤਾ ਪੂਰਵਕ ਪੇਸ਼ ਕਰਕੇ ਵਿਦਿਆਰਥੀਆਂ ਦਾ ਭਰਪੂਰ ਮਨੋਰੰਜ਼ਨ ਕੀਤਾ ਉਥੇ ਉਨ੍ਹਾਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ, ਸੰਮੀ, ਜਾਗੋ, ਲੋਕ ਗੀਤਾਂ ਅਤੇ ਹੋਰ ਪੰਜਾਬ ਦੇ ਪ੍ਰਚਲਿਤ ਗੀਤ ਗਾ ਕੇ ਦਰਸ਼ਕਾ ਦੇ ਦਿਲ ਜਿੱਤ ਲਏ।ਝਾਰਖੰਡ ਦੇ ਖਿੱਤੇ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਪਰੰਪਰਾਗਤ ਪਹਿਰਾਵੇ ਵਿੱਚ ਵੀ ਆਪਣੀਆਂ ਸੰਗੀਤਕ ਵੰਨਗੀਆਂ ਪੇਸ਼ ਕਰਦਿਆਂ ਬਹਤ ਵਧੀਆ ਸੰਤੁਲਨ ਬਣਾ ਕੇ ਰੱਖਿਆ।ਹੋਰ ਵੀ ਖੂਬਸੂਰਤੀ ਇਸ ਪ੍ਰੋਗਰਾਮ ਦੀ ਇਹ ਵੀ ਸੀ ਕਿ ਸਾਰੇ ਵਿਦਿਆਰਥੀ ਕਲਾਕਾਰ ਇੱਥੋਂ ਤੱਕ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਅ ਰਹੀ ਸੰਚਾਲਕ ਵੀ ਪੰਜਾਬ ਤੋਂ ਬਾਹਰ ਦੇ ਸਨ।ਸੱਭਿਆਚਾਰਕ ਵਿਭਿੰਨਤਾ ਸਮਾਗਮ ਦੇ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀ ਕਲਾਕਾਰ ਝਾਰਖੰਡ ਦੇ ਆਦਿਵਾਸੀ ਸਨ।ਜਿੰਨ੍ਹਾਂ ਨੇ ਸੰਗੀਤ ਅਤੇ ਡਾਂਸ ਪ੍ਰੋਗਰਾਮਾਂ ਵਿੱਚ ਆਪਣੀ ਉਤਮ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਸਮਾਗਮ ਜਿਸ ਵਿੱਚ ਗੁਰੂ ਨਾਨਕ ਕਾਲਜ ਧਨਬਾਦ ਝਾਰਖੰਡ ਦੇ ਵਿਦਿਆਰਥੀਆਂ ਦੇ ਨਾਲ ਕਾਲਜ ਦੇ ਪ੍ਰਬੰਧਕ ਅਤੇ ਫੈਕਲਟੀ ਮੈਬਰ ਵੀ ਹਾਜ਼ਰ ਸਨ।ਜਿੰਨ੍ਹਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਤਰਫੋ ਇਥੇ ਪੁਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ।
ਵਿਦਿਆਰਥੀ ਕਲਾਕਾਰਾਂ ਦੀ ਟੀਮ ਨੂੰ ਵੀ ਟਰਾਫ਼ੀ ਦੇ ਕੇ ਸਮਨਮਾਨਿਤ ਕੀਤਾ ਗਿਆ।ਗੁਰੂ ਨਾਨਕ ਦੇਵ ਕਾਲਜ ਦੇ ਪ੍ਰਬੰਧਕ ਡਾ. ਸੰਜੇ ਪ੍ਰਸਾਦ ਨੇ ਵੀ ਸੰਬੋਧਨ ਕਰਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਿੱਤੇ ਗਏ ਸਹਿਯੋਗ ਦੀ ਰੱਜ਼ ਕੇ ਸ਼ਲਾਘਾ ਕੀਤੀ।ਉਥੇ ਉਨ੍ਹਾਂ ਰਾਸ਼ਟਰੀ ਏਕਤਾ ਲਈ ਸਭਿਆਚਾਰਕ ਆਦਾਨ-ਪ੍ਰਦਾਨ ਲਈ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਉਨ੍ਹਾਂ ਇਸ ਸਮੇਂ ਗੁਰੂ ਨਾਨਕ ਦੇਵ ਕਾਲਜ ਧੰਨਬਾਦ ਝਾਰਖੰਡ ਵੱਲੋਂ ਕੀਤੇ ਜਾ ਕੰਮਾਂ ਤੋਂ ਵੀ ਜਾਣੂ ਕਰਵਾਇਆ।ਦੇਰ ਸ਼ਾਮ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਜਜ਼ਬਾ ਵੇਖਣ ਵਾਲਾ ਸੀ।ਪ੍ਰੋਗਰਾਮ ਦੀ ਸ਼ੁਰੂਆਤ ਝਾਰਖੰਡ ਦੇ ਵਿਦਿਆਰਥੀ ਵਲੋਂ ਸ਼ਬਦ ਗਾ ਕੇ ਕੀਤੀ ਗਈ ਅਤੇ ਟੱਪੇ ਅਤੇ ਜਾਗੋ ਨੇ ਇਸ ਪ੍ਰੋਗਰਾਮ ਨੂੰ ਸਿਖਰਾਂ ਤੇ ਲੈ ਆਂਦਾ।ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਕਲਾਕਾਰ ਵਿਦਿਆਰਥੀਆਂ ਨੇ ਵੀ ਵੱਖ-ਵੱਖ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …