132 ਕੇ.ਵੀ ਤੋਂ 220 ਕੇ.ਵੀ ਸਮਰੱਥਾ ਹੋਣ ਨਾਲ ਹੋਵੇਗਾ ਬਿਜਲੀ ਸਪਲਾਈ ‘ਚ ਸੁਧਾਰ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਦਾ ਬਿਜਲੀ ਸਬ ਸਟੇਸ਼ਨ ਜੋ ਕਿ 132 ਕੇ ਵੀ ਸਮਰੱਥਾ ਦਾ ਸੀ ਨੂੰ 40 ਸਾਲ ਬਾਅਦ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ 220 ਕੇ ਵੀ ਸਬ ਸਟੇਸ਼ਨ ਵਜੋਂ ਅਪਗ੍ਰੇਡ ਕੀਤਾ ਜਾ ਰਿਹਾ ਹੈ।ਜਿਸ ਨਾਲ ਕੇਵਲ ਜੰਡਿਆਲਾ ਹੀ ਨਹੀਂ, ਬਲਕਿ ਇਸ ਦੇ ਨਾਲ ਲਗਦੇ ਵੱਡੇ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਸੁਧਾਰ ਹੋ ਜਾਵੇਗਾ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਨੇ ਇਸ ਸਬ ਸਟੇਸ਼ਨ ਨੂੰ ਅਪਗ੍ਰੇਡ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੰਤਰ ਬਿਜਲੀ ਸੁਧਾਰਾਂ ਲਈ ਕੰਮ ਕਰ ਰਹੀ ਹੈ ਅਤੇ ਅੱਜ ਦਾ ਇਹ ਪ੍ਰੋਜੈਕਟ ਇਸੇ ਕੋਸ਼ਿਸ਼ ਦਾ ਇਕ ਹਿੱਸਾ ਹੈ।ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਪਹਿਲਾਂ ਲੱਗੇ 132 ਕੇ.ਵੀ ਗਰਿਡ ਸਬ ਸਟੇਸ਼ਨ ਨੂੰ ਪੀ.ਐਸ.ਟੀ.ਸੀ ਐਲ ਦੁਆਰਾ 41.79 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕਰਨ ਦੀ ਕੰਮ ਸ਼ੁਰੂ ਹੋ ਚੁੱਕਾ ਹੈ।
ਉਨਾਂ ਕਿਹਾ ਕਿ ਸਰਕਾਰ ਵਲੋਂ ਦੋ ਸਾਲਾਂ ਵਿੱਚ ਬਿਜਲੀ ਦੇ ਵੱਡੇ ਕੰਮ ਲੋਕਾਂ ਲਈ ਕੀਤੇ ਗਏ ਹਨ।ਜਿਨ੍ਹਾਂ ਵਿੱਚ ਮੁਫ਼ਤ ਬਿਜਲੀ ਸਪਲਾਈ ਅਤੇ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਸਰਕਾਰ ਵਲੋਂ ਖਰੀਦਣਾ ਸ਼ਾਮਲ ਹਨ। ਇਸ ਤੋਂ ਇਲਾਵਾ ਬਿਜਲੀ ਵਿਭਾਗ ਜੋ ਕਿ ਪਹਿਲਾਂ 1800 ਕਰੋੜ ਰੁਪਏ ਦੇ ਘਾਟੇ ਵਿੱਚ ਸੀ, ਹੁਣ 564 ਕਰੋੜ ਰੁਪਏ ਮੁਨਾਫੇ ਵਿੱਚ ਲਿਆਂਦਾ ਗਿਆ।
ਉਨਾਂ ਕਿਹਾ ਕਿ ਇਸ ਨਾਲ 132 ਕੇ.ਵੀ ਗਰਿਡ ਸਬ ਸ਼ਟੇਸ਼ਨ ਜੰਡਿਆਲਾ ਗੁਰੂ, 66 ਕੇ ਵੀ ਗਰਿਡ ਸਬਸਟੇਸ਼ਨ ਮਾਨਾਵਾਲਾਂ ਅਤੇ 66 ਕੇ ਵੀ ਗਰਿਡ ਸਬਸਟੇਸ਼ਨ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ-ਵੱਖ ਰਿਹਾਇਸ਼ੀ ਕਲੌਨੀਆ, ਸਰਕਾਰੀ ਹਸਪਤਾਲ, ਵਿੱਦਿਅਕ ਅਦਾਰੇ ਅਤੇ ਵੱਡੇ-ਵੱਡੇ ਉਦਯੋਗਿਕ/ਵਪਾਰਿਕ ਅਦਾਰਿਆ ਨੂੰ ਬਿਹੱਤਰ ਬਿਜਲੀ ਸਪਲਾਈ/ਕੁਨੈਕਸ਼ਨ ਦੇਣ ਲਈ ਸਿਸਟਮ ਵਿੱਚ ਸੁਧਾਰ ਹੋ ਜਾਵੇਗਾ।ਇਸ ਨਾਲ ਇਹਨਾ ਸਬ ਸਟੇਸ਼ਨ ਤੋ ਚਲਦੇ 41 ਨੰ: 11 ਕੇ.ਵੀ ਫੀਡਰਾਂ ਉਪਰ ਆਉਂਦੇ ਜੰਡਿਆਲਾ ਗੁਰੂ ਸ਼ਹਿਰ ਅਤੇ 35 ਨੰ: ਪਿੰਡ ਗਹਿਰੀ, ਗਦਲੀ, ਭੰਗਵਾਂ, ਦੇਵੀਦਾਸਪੁਰ, ਧੀਰੇਕੋਟ, ਧਾਰੜ, ਸ਼ੇਖਫੱਤਾ, ਤਾਰਾਗੜ੍ਹ, ਮੱਲੀਆ, ਨਿਊ ਫੋਕਲ ਪੁਆਇੰਟ ਵੱਲਾ, ਖਾਨਕੋਟ, ਮਾਨਾਵਾਲਾ ਖੁਰਦ, ਜਾਣੀਆ, ਗੋਰੇਵਾਲ, ਗੁਨੋਵਾਲ, ਬੁੱਤ, ਅਮਰਕੋਟ, ਵਡਾਲੀ, ਮਾਨਾਵਾਲਾ, ਰੱਖ ਮਾਨਾਵਾਲਾ, ਮੇਹਰਬਾਨਪੁਰਾ, ਨਿੱਜ਼ਰਪੁਰਾ, ਨਵਾਕੋਟ, ਬਿਸ਼ੰਬਰਪੁਰਾ, ਰਾਜੇਵਾਲ, ਸੁੱਖੇਵਾਲ, ਠੱਠੀਆ, ਝੀਤੇ ਕਲਾਂ, ਝੀਤੇ ਖੁਰਦ, ਰੱਖ ਝੀਤਾ, ਭਗਤੂਪੁਰਾ, ਰਾਮਪੁਰਾ, ਦਬੁਰਜੀ, ਪੰਡੋਰੀ, ਜਰਨੈਲ ਸਿੰਘ ਵਾਲਾ ਮਹਿਮਾ ਆਦਿ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਬਿਜਲੀ ਨੈਟਵਰਕ ਪਹਿਲਾਂ ਨਾਲੋਂ ਜਿਆਦਾ ਮਜ਼ਬੂਤ ਹੋਵੇਗਾ।
ਈ.ਟੀ.ਓ ਹਰਭਜਨ ਸਿੰਘ ਨੇ ਕਿਹਾ ਕਿ ਨਵੇ 220 ਕੇ.ਵੀ ਗਰਿਡ ਸਬਸਟੇਸ਼ਨ ਜੰਡਿਆਲਾ ਗੁਰੂ ਦੇ ਬਣਨ ਨਾਲ ਖੱਪਤਕਾਰਾਂ ਨੂੰ ਨਿਰਵਿਘਨ ਅਤੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ।ਇਸ ਕਾਰਜ਼ ਅਧੀਨ ਨਵੇਂ ਗਰਿਡ ਸਬ-ਸਟੇਸ਼ਨ ਜੰਡਿਆਲਾ ਗੁਰੂ ਵਿਖੇ 02 ਨੰ: ਨਵੇਂ ਪਾਵਰ ਟਰਾਂਸਫਾਰਮਰ (2100) ਲਗਾਏ ਜਾਣਗੇ ਅਤੇ 04 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਕੀਤੀ ਜਾਵੇਗੀ।ਜਿਸ ਨਾਲ ਖੱਪਤਕਾਰਾਂ ਨੂੰ ਨਵੇ ਬਿਜਲੀ ਕੁਨੈਕਸ਼ਨ ਦੇਣ ਵਿੱਚ ਕੋਈ ਔਕੜ ਨਹੀ ਆਵੇਗੀ ਅਤੇ ਇਸ ਇਲਾਕੇ ਦਾ ਬਿਜਲੀ ਨੈਟਵਰਕ ਪਹਿਲਾ ਨਾਲੋਂ ਜਿਆਦਾ ਮਜਬੂਤ ਹੋ ਜਾਵੇਗਾ।
ਇਸ ਮੋਕੇ ਤੇ ਮੈਂਬਰ ਐਸ.ਡੀ.ਐਮ ਲਾਲ ਵਿਸਵਾਸ਼ ਬੈਂਸ, ਐਸ.ਐਸ ਬੋਰਡ ਨਰੇਸ਼ ਪਾਠਕ, ਚੇਅਰਮੈਨ ਛਨਾਖ ਸਿੰਘ, ਇੰਜੀ: ਵਰਦੀਪ ਸਿੰਘ ਮੰਡੇਰ ਡਾਇਰੈਕਟਰ/ਤਕਨੀਕੀ, ਇੰਜੀ: ਸੰਜੀਵ ਸੂਦ, ਚੇਅਰਮੈਨ ਡਾ. ਗੁਰਵਿੰਦਰ ਸਿੰਘ, ਜਿਲ੍ਹਾ ਦਿਹਾਤੀ ਦੇ ਪ੍ਰਧਾਨ ਬਲਜਿੰਦਰ ਸਿੰਘ, ਮੈਡਮ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਭਰਾ ਸਤਿੰਦਰ ਸਿੰਘ, ਸੁਨੈਨਾ ਰੰਧਾਵਾ, ਚੀਫ ਸਤਿੰਦਰ ਸ਼ਰਮਾ, ਐਕਸੀਐਨ ਇੰਦਰਜੀਤ ਸਿੰਘ, ਪ੍ਰਿੰਸੀਪਲ ਜਤਿੰਦਰ ਕੌਰ ਮੌਜ਼ੂਦ ਸਨ।