Thursday, October 3, 2024

ਵੋਟ ਅਸਾਂ ਨੂੰ ਪਾਇਓ ਜੀ (ਕਾਵਿ ਵਿਅੰਗ)

ਮੁਫ਼ਤ ਬਣਾ ਕੇ ਘਰ ਦੇਵਾਂਗੇ,
ਘਰ ਵੀ ਤੁਹਾਡੇ ਭਰ ਦੇਵਾਂਗੇ।
ਇੱਕ ਗੱਲ ਮਨ `ਚ ਵਸਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।

ਭਲਾਈ ਦੀਆਂ ਸਕੀਮਾਂ ਚਲਾਵਾਂਗੇ,
ਰਾਸ਼ਨ-ਪਾਣੀ ਮੁਫ਼ਤ ਵਰਤਾਵਾਂਗੇ।
ਬੈਠ ਵਿਹਲੇ ਰੱਜ-ਰੱਜ ਖਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।

ਹਰ ਬੱਚੇ ਕੋਲ ਫੋਨ ਹੋਵੇਗਾ,
ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ।
ਨੈਟ ਫ੍ਰੀ ਚਲਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।

ਨੌਕਰੀਆਂ ‘ਤੇ ਰੋਕ ਧਰਾਂਗੇ,
ਮਹਿੰਗੀ ਵਿੱਦਿਆ ਹੋਰ ਕਰਾਂਗੇ।
ਪੜ੍ਹ ਲਿਖ ਧੱਕੇ ਖਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।

ਪੰਜੀਂ ਸਾਲੀਂ ਸਾਡਾ ਆਉਣਾ-ਜਾਣਾ,
ਉਲਝਾ ਦਿਆਂਗੇ ਤਾਣਾ-ਬਾਣਾ।
ਸੱਥਾਂ `ਚ ਖੁੰਡ ਚਰਚਾ ਚਲਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।

ਦੂਜਿਆਂ `ਤੇ ਦੋਸ਼ ਅਸੀਂ ਲਾਉਣੇ,
ਦਿਮਾਗ ਤੁਹਾਡੇ ਖੂਬ ਘਮਾਉਣੇ।
`ਸੁਖਬੀਰ` ਬੁਰਾ ਨਾ ਮਨਾਇਓ ਜੀ,
ਵੋਟ ਅਸਾਂ ਨੂੰ ਪਾਇਓ ਜੀ।
ਕਵਿਤਾ 1103202402

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ। ਮੋ – 98555 12677

Check Also

ਅਕਾਲ ਅਕੈਡਮੀ ਕਮਾਲਪੁਰ ਨੇ ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ `ਚ ਮਾਰੀਆਂ ਮੱਲਾਂ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਸੰਸਥਾ ਅਕਾਲ ਅਕੈਡਮੀ …