Thursday, July 18, 2024

ਚੋਣਾਂ ਦਾ ਪਰਵ ਦੇਸ਼ ਦਾ ਗਰਵ

ਭਾਰਤ 95 ਕਰੋੜ ਤੋਂ ਵੀ ਵੱਧ ਵੋਟਰਾਂ ਦੇ ਨਾਲ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿਥੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਿੱਧੇ ਰੂਪ ਵਿੱਚ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਅਸਿੱਧੇ ਰੂਪ ਵਿੱਚ ਲੋਕਾਂ ਦੁਆਰਾ ਕੀਤੀ ਜਾਂਦੀ ਹੈ।ਜਿਸ ਬਾਰੇ ਅਮਰੀਕਾ ਦੇ ਰਹਿ ਚੁੱਕੇ ਨਾਮਵਰ ਰਾਸ਼ਟਰਪਤੀ ਇਬਰਾਹਮ ਲਿੰਕਨ ਜੀ ਨੇ ਸਧਾਰਨ ਅਤੇ ਸੌਖੇ ਸ਼ਬਦਾਂ ਵਿੱਚ ਲੋਕਤੰਤਰ ਨੂੰ ਪ੍ਰਭਾਸ਼ਿਤ ਕੀਤਾ ਸੀ,” ਲੋਕਤੰਤਰੀ ਲੋਕਾਂ ਦਾ, ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ` ਜਿਕਰਯੋਗ ਹੈ ਕਿ ਲੋਕਤੰਤਰੀ ਸਾਸ਼ਨ ਵਿੱਚ ਸਰਵ-ਉਚ ਸ਼ਕਤੀ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਹੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਆਪਣੇ ‘ਤੇ ਸਾਸ਼ਨ ਕਰਦੀ ਹੈ।
ਭਾਰਤੀ ਸੰਵਿਧਾਨ ਨਿਰਮਾਤਾਵਾਂ ਦੁਆਰਾ ਇਸੇ ਸੋਚ ਨੂੰ ਵਿਵਹਾਰਿਕ ਰੂਪ ਦੇਣ ਲਈ ਭਾਰਤੀ ਨਾਗਰਿਕਾਂ ਨੂੰ ਬਾਲਗ ਮੱਤ ਅਧਿਕਾਰ ਦਿੱਤਾ, ਜਿਸ ਅਨੁਸਾਰ ਭਾਰਤ ਦਾ ਹਰੇਕ ਨਾਗਰਿਕ ਜੋ 18 ਸਾਲ ਦੀ ਉਮਰ ਪੂਰੀ ਕਰਦਾ ਹੈ ਉਸ ਨੂੰ ਵੋਟ ਦਾ ਅਧਿਕਾਰ ਬਿਨਾਂ ਕਿਸੇ ਜਨਮ, ਜਾਤ, ਰੰਗ, ਨਸਲ, ਲਿੰਗ ਆਦਿ ਦੇ ਵਿਤਕਰੇ ਦੇ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੀ ਧਾਰਾ-324 ਅਧੀਨ ਸੁਤੰਤਰ ਅਤੇ ਨਿਰਪੱਖ ਚੋਣ ਆਯੋਗ ਦੀ ਸਥਾਪਨਾ ਵੀ ਕੀਤੀ ਗਈ ਜਿਸਦੀ ਮਹੱਤਵਪੂਰਨ ਜਿੰਮੇਵਾਰੀ ਹਰੇਕ ਤਰ੍ਹਾਂ ਦੀਆਂ ਚੋਣਾਂ ਦਾ ਪ੍ਰਬੰਧ, ਨਿਰਦੇਸ਼ਨ ਅਤੇ ਨਿਰੀਖਣ ਕਰਨਾ ਤਾਂ ਹੈ ਹੀ ਹੈ, ਉਥੇ ਕੋਈ ਵੀ ਵੋਟਰ ਵੋਟ ਬਣਾਉਣ ਅਤੇ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ, ਚੋਣ ਆਯੋਗ ਦੀ ਮੁੱਖ ਜਿੰਮੇਵਾਰੀ ਬਣ ਜਾਂਦੀ ਹੈ।
ਇਸ ਕਰਕੇ ਚੋਣ ਆਯੋਗ” ਘਰ ‘ਚ ਵਿਆਹ ਸਮਾਗਮ ਹੋਣ ਵਾਂਗੂੰ ਆਮ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਪੱਬਾਂ ਭਾਰ ਹੋ ਜਾਂਦਾ ਹੈ।ਜਿਵੇਂ ਕਿ ਹੁਣ ਭਾਰਤ ਵਿੱਚ 18ਵੀਆਂ ਲੋਕ ਸਭਾ ਚੋਣਾਂ 2024 ਦਾ ਬਿਗੁਲ ਵੱਜਣ ਹੀ ਵਾਲਾ ਹੈ।ਇਸ ਕਰਕੇ ਚੋਣ ਆਯੋਗ ਵਲੋਂ ਵੋਟਰ ਜਾਗਰੂਕਤਾ ਲਈ ਆਪਣਾ ਡਰੀਮ ਪ੍ਰੋਜੈਕਟ ਸਵੀਪ ਚਲਾਇਆ ਜਾ ਰਿਹਾ ਹੈ।ਜਿਸ ਦਾ ਪ੍ਰਮੁੱਖ ਉਦੇਸ਼ ਤਰਤੀਬਵਾਰ ਵੋਟਰ ਜਾਗਰੂਕਤਾ ਅਤੇ ਚੋਣਕਾਰਾਂ ਦੀ ਭਾਗੀਦਾਰੀ ਵਧਾਉਣ ਲਈ ਉਪਰਾਲੇ ਕਰਨਾ ਹੈ।ਇਸੇ ਲੜੀ ਤਹਿਤ ਸਮੁੱਚੇ ਰਾਸ਼ਟਰ ਵਿੱਚ ਜਿਲ੍ਹਾ ਪੱਧਰੀ ਸਵੀਪ ਟੀਮਾਂ ਵਲੋਂ ਜਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਹੇਠ ਵੋਟਰ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਂ ਜੋ ਮਿਸ਼ਨ ਸਵੀਪ ਇਸ ਵਾਰ 70 ਪਾਰ ਨੂੰ 100 ਫ਼ੀਸਦੀ ਪ੍ਰਾਪਤ ਕੀਤਾ ਜਾ ਸਕੇ।ਸਮੁੱਚੇ ਦੇਸ਼ ਵਿੱਚ “ਚੋਣਾਂ ਦਾ ਪਰਵ ਦੇਸ਼ ਦਾ ਗਰਵ” ਸਲੋਗਨ ਤਹਿਤ ਸਵੀਪ ਗਤੀਵਿਧੀਆਂ ਆਪਣੀ ਚਰਮ ਸੀਮਾਂ ਤੇ ਪਹੁੰਚ ਚੁੱਕੀਆਂ ਹਨ ਰਿਹਾ ਹੈ।ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਾ ਹੈ।ਵੋਟਰ ਸੂਚੀਆਂ ਦੇ ਪ੍ਰਕਾਸ਼ਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਜਿਸ ਤਹਿਤ ਫਾਰਮ ਨੰਬਰ 6,7,8,8-ਏ ਤਹਿਤ ਕ੍ਰਮਵਾਰ ਪਹਿਲੀ ਜਨਵਰੀ 2024 ਨੂੰ ਆਧਾਰ ਮੰਨ ਕੇ ਬੂਥ ਲੈਵਲ ਅਫਸਰ ਕੋਲੋਂ ਵੋਟ ਬਣਵਾਈ, ਕਟਵਾਈ ਜਾਂ ਕਿਸੇ ਤਰ੍ਹਾਂ ਦੀ ਸੋਧ ਵੀ ਕਰਵਾਈ ਜਾ ਰਹੀ ਹੈ।ਇਸੇ ਤਰ੍ਹਾਂ ਇਹ ਸਾਰੀਆਂ ਸਹੂਲਤਾਂ ਵੋਟਰ ਹੈਲਪਲਾਈਨ ਐਪ ਅਤੇ ਚੋਣ ਆਯੋਗ ਦੇ ਪੋਰਟਲ ਐਨ.ਵੀ.ਐਸ ਪੀ.ਇਨ `ਤੇ ਵੀ ਉਪਲੱਬਧ ਹਨ।
ਪਰ ਹੁਣ ਸਵਾਲ ਇਹ ਪਨਪਦਾ ਹੈ ਕਿ ਚੋਣ ਆਯੋਗ ਵਲੋਂ ਭਾਵੇਂ ਵੋਟਰ ਜਾਗਰੂਕਤਾ ਲਈ ਅੱਡੀ-ਚੋਟੀ ਦਾ ਜ਼ੋਰ ਹਰੇਕ ਤਰ੍ਹਾਂ ਦੀ ਚੋਣਾਂ ਤੋਂ ਪਹਿਲਾਂ ਲਗਾਇਆ ਜਾਂਦਾ ਹੈ, ਪਰ ਵੋਟਰ ਪ੍ਰਤੀਸ਼ਤ 65 ਤੋਂ 67 ਫੀਸਦੀ ਤੱਕ ਹੀ ਸਿਮਟ ਜਾਂਦੀ ਹੈ।17ਵੀਂ ਲੋਕ ਸਭਾ ਚੋਣਾਂ 2019 ਸਮੇਂ ਪੰਜਾਬ ਵਿੱਚ ਕੁੱਲ ਵੋਟਰ2.07 ਕਰੋੜ ਸੀ ਅਤੇ ਮੱਤਦਾਨ 1.37 ਕਰੋੜ ਵਲੋਂ ਕੀਤਾ ਗਿਆ ਅਤੇ ਵੋਟ ਪ੍ਰਤੀਸ਼ਤ 65.96 ਸੀ।ਭਾਰਤ ਵਿੱਚ 91 ਕਰੋੜ ਵੋਟਰਾਂ ਵਿਚੋਂ ਕੇਵਲ 67.4 ਫੀਸਦੀ ਮੱਤਦਾਨ ਰਿਹਾ ਸੀ।ਇਸ ਵਾਰ 18ਵੀਂ ਲੋਕ ਸਭਾ ਚੋਣਾਂ 2024 ਵਿੱਚ ਭਾਰਤੀ ਚੋਣ ਆਯੋਗ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਦੱਸਣ ਅਨੁਸਾਰ 95 ਕਰੋੜ ਵੋਟਰ ਦੇਸ਼ ਦੇ 12 ਲੱਖ ਪੋਲਿੰਗ ਸਟੇਸ਼ਨਾਂ ‘ਤੇ ਤਕਰੀਬਨ 1.5 ਲੱਖ ਕਰਮਚਾਰੀਆਂ ਦੀ ਮਦਦ ਨਾਲ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਕੇ ਨਵੀਂ ਸੰਘੀ ਸਰਕਾਰ ਦੀ ਚੋਣ ਕਰਨਗੇ।ਪਰ ਸਾਡੇ ਦੇਸ਼ ਵਿੱਚ ਮੱਤਦਾਨ ਪ੍ਰਤੀਸ਼ਤ ਘੱਟ ਰਹਿ ਜਾਂਦੀ ਹੈ।ਭਾਰਤ ਵਿੱਚ ਜਨ-ਸਹਿਭਾਗਤਾ ਘੱਟ ਹੋਣ ਲਈ ਭਾਵੇਂ ਅਨੇਕਾਂ ਕਾਰਨ ਜਿੰਮੇਵਾਰ ਹਨ।ਪ੍ਰੰਤੂ ਭਾਰਤ ਦੇ ਹਰੇਕ ਵੋਟਰ ਦਾ ਜੇਕਰ ਵੋਟ ਪਾਉਣਾ ਅਧਿਕਾਰ ਹੈ, ਉਥੇ ਇਹ ਇਕ ਵੱਡੀ ਜਿੰਮੇਵਾਰੀ ਵੀ ਹੈ।ਜਦੋਂ ਅਸੀਂ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਪ੍ਰਯੋਗ ਨਹੀਂ ਕਰ ਰਹੇ ਤਾਂ ਸਮਝੋ ਆਪਣੀ ਜਿੰਮੇਵਾਰੀ ਤੋਂ ਭੱਜ ਗਏ।ਜੇਕਰ ਅੱਜ ਅਸੀਂ ਆਪਣੇ ਯੋਗ ਪ੍ਰਤੀਨਿਧਾਂ ਦੀ ਚੋਣ ਲਈ ਉਚਿਤ ਭਾਗੀਦਾਰੀ ਨਹੀਂ ਕਰਾਂਗੇ ਤਾਂ ਸਾਨੂੰ ਕੱਲ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਅਲੋਚਨਾ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ।ਭਾਰਤੀ ਸੰਵਿਧਾਨ ਵਿੱਚ ਸ਼ਾਮਲ ਅੱਠਵੇਂ ਮੌਲਿਕ ਕਰਤਵ ਅਨੁਸਾਰ”, ਸਾਨੂੰ ਭਾਰਤੀ ਨਾਗਰਿਕਾਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ, ਮਾਨਵਵਾਦ, ਜਾਂਚ ਕਰਨ ਅਤੇ ਸੁਧਾਰਵਾਦੀ ਭਾਵਨਾ ਵਿਕਸਤ ਕਰਨੀ ਚਾਹੀਦੀ ਹੈ।”ਇਸ ਲਈ ਅੱਜ ਸਮੇਂ ਦੀ ਲੋੜ ਹੈ ਕਿ ਜਾਗਰੂਕ ਨਾਗਰਿਕ ਬਣੀਏ ਅਤੇ ਨੈਤਿਕ ਮੱਤਦਾਨ ਕਰੀਏ।ਮਿਸ਼ਨ ਸਵੀਪ ਇਸ ਵਾਰ 70 ਫ਼ੀਸਦੀ ਨੂੰ ਪੂਰਾ ਕਰਨ ਲਈ ਭਾਰਤ ਦੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਤੋਂ ਪਹਿਲਾਂ ਵੋਟਰ ਪ੍ਰਣ ਲੈਣਾ ਹੋਵੇਗਾ,” ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤਾਂਤ੍ਰਿਕ ਪ੍ਰੰਪਰਾਵਾਂ ਨੂੰ ਬਣਾਏ ਰੱਖਾਂਗੇ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਆਪਣੀ ਵੋਟ ਬਣਾਵਾਂਗੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਅਤੇ ਧਰਮ ,ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਾਂਗੇ “।ਆਉ! ਜਿਨ੍ਹਾਂ ਅਸੀਂ ਸਾਵਧਾਨੀ ਨਾਲ ਬਾਜ਼ਾਰ ਵਿੱਚ ਕਿਸੇ ਵਸਤੂ ਦੀ ਖਰੀਦੋ ਫਰੋਖਤ ਕਰਦੇ ਹਾਂ ਉਨੀਂ ਹੀ ਸਾਵਧਾਨੀ ਨਾਲ ਅਸੀਂ, ਆਪਣੇ ਦੇਸ਼ ਦੇ ਨੀਤੀ ਘਾੜਿਆਂ, ਪ੍ਰਤੀਨਿਧਾਂ ਦੀ ਚੋਣ ਕਰੀਏ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਭਾਰਤ ਏਸ਼ੀਆ ਦਾ ਸਭ ਤੋਂ ਮਜ਼ਬੂਤ ਲੋਕਤੰਤਰ ਵਾਲਾ ਵਿਕਸਿਤ ਰਾਸ਼ਟਰ ਬਣ ਜਾਵੇਗਾ ਅਤੇ ਫਿਰ ਸਾਡੀ ਨੌਜਵਾਨ ਪੀੜੀ ਨੂੰ ਪੱਛਮੀ ਮੁਲਕਾਂ ਵੱਲ ਭੱਜਣ ਦੀ ਲੋੜ ਨਹੀਂ ਪਵੇਗੀ।
“ਚੁਣੋ ਸਰਕਾਰ ਸਭ ਤੁਹਾਡੇ ਹੱਥ ਵਿੱਚ ਡੋਰ ਹੈ,
ਸਾਰਿਆਂ ਦੀ ਵੋਟ ਵਿੱਚ ਇਕੋ ਜਿੰਨ੍ਹਾਂ ਜ਼ੋਰ ਹੈ”।
(ਆਗਾਮੀ ਲੋਕ ਸਭਾ ਚੋਣਾਂ 2024)
ਲੇਖ 1103202401

ਗੁਰਮੀਤ ਸਿੰਘ ਭੋਮਾ
(ਗਿਆਨ ਪੀਠ ਅਤੇ ਸਟੇਟ ਐਵਾਰਡੀ)
ਸਹਾਇਕ ਨੋਡਲ ਅਫ਼ਸਰ ਸਵੀਪ ਸੈਲ ਗੁਰਦਾਸਪੁਰ।
ਮੋ – 9781535440

 

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …