Friday, July 19, 2024

“ਭਾਰਤ ਦੇ ਨੀਤੀਗਤ ਦ੍ਰਿਸ਼ਟੀਕੋਣ ‘ਚ ਜਾਤ, ਕਬੀਲੇ ਅਤੇ ਲਿੰਗ” ਵਿਸ਼ੇ `ਤੇ ਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਵਲੋਂ “ਭਾਰਤ ਦੀ ਨੀਤੀਗਤ ਦ੍ਰਿਸ਼ਟੀ ‘ਚ ਜਾਤ, ਕਬੀਲੇ ਅਤੇ ਲਿੰਗ” ਵਿਸ਼ੇ `ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਕਰਵਾਇਆ ਗਿਆ।ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਅਗਵਾਈ ’ਚ ਹੋਏ ਇਸ ਸੈਮੀਨਾਰ ਦੇ ਮੁੱਖ ਉਦੇਸ਼ 21ਵੀਂ ਸਦੀ ਵਿੱਚ ਦੇਸ਼ ਨੂੰ ਦਰਪੇਸ਼ ਸਮਾਜਿਕ ਤੇ ਆਰਥਿਕ ਮੁੱਦਿਆਂ ਦੇ ਹੱਲ ਲਈ ਵਿਦਿਆਰਥੀਆਂ, ਵਿਦਵਾਨਾਂ ਅਤੇ ਫੈਕਲਟੀ ਨੂੰ ਸੰਵਾਦ ਵਿਚ ਸ਼ਾਮਲ ਕਰਵਾਉਣ ਅਤੇ ਗੰਭੀਰ ਤੇ ਨਵੇਂ ਵਿਚਾਰ ਦੀ ਸਿਰਜਣਾ ਕਰਨਾ ਸੀ।
ਸੈਮੀਨਾਰ ਦੌਰਾਨ ਭਾਰਤ ਦੇ ਨੀਤੀਗਤ ਢਾਂਚੇ ਦੇ ਅੰਦਰ ਜਾਤ, ਕਬੀਲੇ ਅਤੇ ਲਿੰਗ ਮੁੱਦਿਆਂ `ਤੇ ਚਰਚਾ ਕਰਨ ਉਪਰੰਤ ਅਤੇ ਇਤਿਹਾਸਿਕ ਵਿਤਕਰੇ, ਅਸਮਾਨਤਾ ਨੂੰ ਹੱਲ ਕਰਨ ਅਤੇ ਸਮਾਜ ਦੇ ਹਾਸ਼ੀਏ `ਤੇ ਪਏ ਵਰਗਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਵਧੇਰੇ ਪ੍ਰਭਾਵੀ ਨੀਤੀਆਂ ਵਿਕਸਿਤ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਗਿਆ।
ਸੈਮੀਨਾਰ ਦੇ ਕਨਵੀਨਰ ਡਾ. ਰਚਨਾ ਸ਼ਰਮਾ ਅਤੇ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਮੁੱਖ ਮਹਿਮਾਨ ਪ੍ਰੋ. ਸਤੀਸ਼ ਕੁਮਾਰ ਸ਼ਰਮਾ (ਸਾਬਕਾ ਪ੍ਰੋਫ਼ੈਸਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ), ਮੁੱਖ ਬੁਲਾਰੇ ਪ੍ਰੋ. ਨੂਰਪੁਰ ਤਿਵਾੜੀ ਨੇ ਵਿਸ਼ੇ ਦੀ ਗੰਭੀਰਤਾ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ।ਭਾਰਤੀ ਯੋਜਨਾ ਅਤੇ ਪ੍ਰਸ਼ਾਸਨ ਸੰਸਥਾਨ ਨਵੀਂ ਦਿੱਲੀ ਤੋਂ, ਡਾ. ਵਿਨੋਦ ਚੌਧਰੀ, ਮੁਖੀ ਸਮਾਜ ਸ਼ਾਸਤਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਨਵੀਂ ਦਿੱਲੀ, ਚੰਡੀਗੜ੍ਹ, ਪੰਜਾਬ, ਬੰਗਾਲ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਵਾਨ ਅਤੇ ਖੋਜਾਰਥੀ ਆਦਿ ਸ਼ਾਮਲ ਹੋਏ।
ਪ੍ਰੋ. ਸਤੀਸ਼ ਸ਼ਰਮਾ ਅਤੇ ਪ੍ਰੋ. ਨੂਪੁਰ ਨੇ ਕਬੀਲਿਆਂ ਨੂੰ ਪਰਿਭਾਸ਼ਿਤ ਕਰਨ ਦੀਆਂ ਸਮੱਸਿਆਵਾਂ, ਆਦਿਵਾਸੀ ਭਾਈਚਾਰਿਆਂ ਨੂੰ ਚੁਣੌਤੀਆਂ ਅਤੇ ਭਾਰਤ ‘ਚ ਕਬੀਲਿਆਂ ਦੀ ਭਲਾਈ ਲਈ ਭਾਰਤ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਡਾ. ਵਿਨੋਦ ਨੇ ਆਦਿਵਾਸੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀਆਂ ਚੁਣੌਤੀਆਂ ਨੂੰ ਉਜ਼ਾਗਰ ਕੀਤਾ।
ਸੈਮੀਨਾਰ ਦੇ ਦੋ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਪ੍ਰੋ. ਸਤੀਸ਼ ਕੇ ਸ਼ਰਮਾ ਅਤੇ ਪ੍ਰੋ. ਦੀਪਕ ਕੁਮਾਰ (ਪਟਿਆਲਾ ਯੂਨੀਵਰਸਿਟੀ) ਨੇ ਕੀਤੀ ਅਤੇ 6 ਤਕਨੀਕੀ ਸੈਸ਼ਨਾਂ ਵਿੱਚ ਸੈਮੀਨਾਰ ਦੇ ਉਪ-ਵਿਸ਼ਿਆਂ ਮਨੋਵਿਗਿਆਨ, ਅੰਗਰੇਜ਼ੀ, ਸਮਾਜ ਸ਼ਾਸਤਰ, ਇਤਿਹਾਸ, ਲੋਕ ਪ੍ਰਸ਼ਾਸਨ, ਫਿਜ਼ੀਓਥੈਰੇਪੀ, ਪ੍ਰਬੰਧਨ, ਰਾਜਨੀਤੀ ਵਿਗਿਆਨ, ਕਾਨੂੰਨ, ਸਮਾਜਿਕ ਕਾਰਜ਼ ਅਤੇ ਅਰਥ ਸ਼ਾਸਤਰ ਉਪਰ ਖੋਜ ਪੱਤਰ ਪੇਪਰ ਪੇਸ਼ ਕੀਤੇ ਗਏ।ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਇਸ ਮੌਕੇ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ `ਤੇ ਪੇਪਰ ਪੇਸ਼ ਕੀਤੇ।ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਪ੍ਰੋ. (ਸੇਵਾਮੁਕਤ) ਸਤੀਸ਼ ਕੇ ਸ਼ਰਮਾ (ਐਚ.ਪੀ ਯੂਨੀਵਰਸਿਟੀ ਸ਼ਿਮਲਾ), ਰਣਧੀਰ ਕੇ ਗੌਤਮ (ਆਈ.ਆਈ.ਟੀ.ਐਮ ਗਵਾਲੀਅਰ), ਡਾ. ਰਾਜ ਕੁਮਾਰ (ਕਾਨੂੰਨ ਵਿਭਾਗ ਜੰਮੂ ਯੂਨੀਵਰਸਿਟੀ), ਡਾ. ਵਿਨੋਦ ਕੇ ਚੌਧਰੀ (ਸਮਾਜ ਵਿਗਿਆਨ ਵਿਭਾਗ ਪੀ.ਯੂ ਚੰਡੀਗੜ੍ਹ), ਡਾ. ਗੁਰਸ਼ਮਿੰਦਰ ਐਸ.ਬਾਜਵਾ (ਸਕੂਲ ਆਫ਼ ਸੋਸ਼ਲ ਸਾਇੰਸਜ਼, ਜੀ.ਐਨ.ਡੀ.ਯੂ), ਪ੍ਰੋ. ਦੀਪਕ ਕੁਮਾਰ (ਸਮਾਜ ਵਿਗਿਆਨ ਵਿਭਾਗ, ਯੂਨੀਵਰਸਿਟੀ ਆਫ਼ ਪਟਿਆਲਾ), ਡਾ. ਨੰਦਿਨੀ ਬਸਿਸ਼ਠਾ (ਆਈ.ਆਈ.ਐਚ.ਐਸ.ਜੀ, ਨਵੀਂ ਦਿੱਲੀ) ਅਤੇ ਪ੍ਰੋ: ਗੁਰਪ੍ਰੀਤ ਬੱੱਲ (ਸਾਬਕਾ ਪ੍ਰੋਫੈਸਰ ਸਮਾਜ ਸ਼ਾਸਤਰ ਵਿਭਾਗ, ਜੀ..ਐਨਡੀ.ਯੂ) ਨੇ ਕੀਤੀ।
ਸੈਮੀਨਾਰ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਆਨਰੇਰੀ ਪ੍ਰੋਫੈਸਰ ਹਰੀਸ਼ ਸ਼ਰਮਾ ਨੇ ਕੀਤੀ।ਸਤੁਤੀ ਟੰਡਨ ਨੇ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ ਅਤੇ ਪ੍ਰੋ: ਸੁਕਾਂਤ ਕੇ ਚੌਧਰੀ (ਸਮਾਜ ਸ਼ਾਸਤਰ ਵਿਭਾਗ, ਲਖਨਊ ਯੂਨੀਵਰਸਿਟੀ) ਨੇ ਸਮਾਪਤੀ ਭਾਸ਼ਣ ਦਿੱਤਾ।ਸੈਮੀਨਾਰ ਦੀ ਪ੍ਰਬੰਧਕੀ ਸਕੱਤਰ ਡਾ. ਦਿਵਿਆ ਅਮਰੋਹੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …