ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਦੇ ਰਿਟਰਨਿੰਗ ਅਫ਼ਸਰ-ਕਮ-ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।ਹੁਣ ਕਿਸੇ ਵੀ ਸਿਆਸੀ ਪਾਰਟੀ ਵਲੋਂ ਰੈਲੀ ਜਾਂ ਮੀਟਿੰਗ ਕਰਨ ਲਈ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਤੋਂ ਇਜਾਜ਼ਤ ਲੈਣੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੀ ਜਾਵੇ।ਕਿਸੇ ਵੀ ਧਰਮ ਜਾਂ ਜਾਤ ਦੇ ਆਧਾਰ `ਤੇ ਪ੍ਰਚਾਰ ਨਹੀਂ ਕੀਤਾ ਜਾਣਾ ਚਾਹੀਦਾ।ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਪ੍ਰਵਾਨਿਤ ਹੋਲਡਿੰਗਾਂ ’ਤੇ ਹੀ ਇਸ਼ਤਿਹਾਰ ਲਾਏ ਜਾਣ।ਧਰਨੇ, ਬੈਨਰ ਅਤੇ ਪੋਸਟਰ ਲਗਾਉਣ ਲਈ ਵੀ ਇਜਾਜ਼ਤ ਲੈਣੀ ਚਾਹੀਦੀ ਹੈ।ਸਾਰੇ ਇਸ਼ਤਿਹਾਰਾਂ ਦੇ ਹੇਠਾਂ ਪ੍ਰਿੰਟਿੰਗ ਪ੍ਰੈਸ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਦਰਜ਼ ਕੀਤਾ ਜਾਣਾ ਲਾਜ਼ਮੀ ਹੈ।ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੀ ਗਤੀਵਿਧੀ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਉਮੀਦਵਾਰ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤਾਂ ਉਸ `ਤੇ ਹੋਏ ਖਰਚੇ ਦੀ ਪੂਰੀ ਜਾਣਕਾਰੀ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਨੂੰ ਦਿੱਤੀ ਜਾਵੇ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਰੱਖੀ ਜਾਵੇ। ਇਸ ਮੌਕੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਨੂੰਗੋ ਰਾਜਵਿੰਦਰ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਸੁਪਰਡੈਂਟ ਚੰਚਲ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …