ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਧਰਮ-ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕ ਪਰਾਗਦਾਸ ਵਿਖੇ ਬਾਲ ਬਸੰਤ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਸੀ.ਕੇ.ਡੀ ਵਿਦਿਆਰਥੀਆਂ ਵੱਲੋਂ ਗੁਰਮਤਿ ਪਰੰਪਰਾ ਮੁਤਾਬਿਕ ਪੁਰਾਤਨ ਤੰਤੀ ਸਾਜ਼ਾਂ ਨਾਲ ਰਾਗ ਬਸੰਤ ਵਿਚ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਲਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ।ਛੋਟੇ-ਛੋਟੇ ਬੱਚਿਆਂ ਵੱਲੋਂ ਬੀਰ-ਰਸ ਕਵੀਸ਼ਰੀ ਦਾ ਗਾਇਨ ਕੀਤਾ ਗਿਆ।ਪ੍ਰਧਾਨ ਡਾ. ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਹੋਰਨਾਂ ਅਹੁੱਦੇਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਖਾਲਸਾ ਦੇ ਨਿਆਰੇਪਣ ਦੇ ਪ੍ਰਤੀਕ ਹੋਲੇ ਮਹੱਲੇ ਦੀ ਵਧਾਈ ਸੰਦੇਸ਼ ਭੇਜੇ ਗਏ।ਵਿਸ਼ੇਸ਼ ਤੌਰ ‘ਤੇ ਪੁੱਜੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਅਜ਼ੋਕੇ ਸਮੇਂ ਵਿੱਚ ਨਵੀਂ ਪਨੀਰੀ ਨੂੰ ਗੁਰਮਤਿ ਸੰਗੀਤ ਕਲਾ ਅਤੇ ਨਿਰਧਾਰਤ ਰਾਗਾਂ ਵਿਚ ਗੁਰਬਾਣੀ ਗਾਇਣ ਨਾਲ ਜੋੜਣ ਅਤੇ ਪੁਰਾਤਨ ਤੰਤੀ ਸਾਜ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਧਰਮ ਪ੍ਰਚਾਰ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਮੁੱਢ ਤੋ ਹੀ ਆਪਣੇ ਅਮੀਰ ਵਿਰਸੇ, ਗੁਰ-ਇਤਿਹਾਸ ਅਤੇ ਗੁਰਮਤਿ ਪਰੰਪਰਾਵਾਂ ਨਾਲ ਜੋੜਦਿਆਂ ਉਹਨਾਂ ਵਿੱਚ ਸਿੱਖੀ ਪਰਿਪੱਕਤਾ ਪੈਦਾ ਕੀਤੀ ਜਾ ਸਕਦੀ ਹੈ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਅਤੇ ਹਰਮਨਜੀਤ ਸਿੰਘ ਨੇ ਹੋਲੇ ਮਹੱਲੇ ਦੇ ਸ਼ਾਨਦਾਰ ਪਿਛੋਕੜ ਅਤੇ ਮਹੱਤਤਾ ਤੇ ਚਾਨਣਾ ਪਾਇਆ।ਉਨਾਂ ਕਿਹਾ ਕਿ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੀ ਅਸੀ ਗ੍ਰਹਿ ਬਸੰਤ, ਮਨ ਬਸੰਤ ਅਤੇ ਸਦਾ ਬਸੰਤ ਨਾਲ ਆਪਣਾ ਜੀਵਨ ਅਨੰਦ ਭਰਿਆ ਰੱਖ ਸਕਦੇ ਹਾਂ।ਦੀਵਾਨ ਪ੍ਰਬੰਧਕਾਂ ਅਤੇ ਮੈਂਬਰਾਂ ਵੱਲੋਂ ਸਾਲ 2023-2024 ਦੌਰਾਨ ਕਰਵਾਏ ਗੁਰਮਤਿ ਸਮਾਗਮਾਂ ਵਿੱਚ ਭਾਗ ਲੈਣ ਵਾਲੀਆ ਟੀਮਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਮੈਂਬਰ ਇੰਚਾਰਜ ਸਕੂਲ ਕਮਲਜੀਤ ਸਿੰਘ, ਜਗਦੀਪ ਸਿੰਘ ਨਰੂਲਾ, ਪ੍ਰਦੀਪ ਸਿੰਘ ਵਾਲੀਆ, ਸਰਬਜੀਤ ਸਿੰਘ ਵਾਲੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਤੇਜਪਾਲ ਕੌਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਮੈਂਬਰ ਇੰਚਾਰਜ਼ ਸਕੂਲ ਕਮਲਜੀਤ ਸਿੰਘ, ਜਗਦੀਪ ਸਿੰਘ ਨਰੂਲਾ, ਪ੍ਰਦੀਪ ਸਿੰਘ ਵਾਲੀਆ, ਸਰਬਜੀਤ ਸਿੰਘ ਵਾਲੀਆ, ਸਰਜੋਤ ਸਿੰਘ ਸਾਹਨੀ, ਹਰਜੀਤ ਸਿੰਘ ਸਚਦੇਵਾ, ਏ.ਪੀ.ਐਸ ਮਾਨ, ਤੇਜਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਵਾਲੀਆ, ਜਸਮੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਤੇਜਪਾਲ ਕੌਰ, ਬੀਬੀ ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ, ਬੀਬੀ ਸੁਖਜੀਤ ਕੌਰ, ਬੀਬੀ ਮਨਦੀਪ ਕੌਰ ਆਦਿ ਸ਼ਾਮਲ ਸਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …