Tuesday, May 21, 2024

ਯਾਦਗਾਰ ਹੋ ਨਿਬੜਿਆ 23ਵਾਂ ਰਾਸ਼ਟਰੀ ਰੰਗਮੰਚ ਉਤਸਵ 2024

ਅੰਮ੍ਰਿਤਸਰ, 29 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜਾਰੀ 23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਦਸਵੇਂ ਤੇ ਆਖਰੀ ਦਿਨ ਰੰਗਮੰਚਕਾਰੀ ਮਲਟੀਕਲਚਰਲ ਥੀਏਟਰ ਗਰੁੱਪ ਮੈਲਬੋਰਨ ਆਸਟੇ੍ਰਲੀਆ ਦੀ ਟੀਮ ਵਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਮਹਾਰਾਣੀ ਜਿੰਦਾ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ’ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਤਿੱਖੀ ਨਜ਼ਰ ਵਾਲੀ, ਜ਼ਿੱਦੀ, ਭਾਵੁਕ ਤੇ ਆਪਣੇ ਪੁੱਤਰ ਦੀ ਵਿਰਾਸਤ ਦੀ ਰੱਖਿਆ ਕਰਨ ਪ੍ਰਤੀ ਸਮਰਪਿਤ ਜਿੰਦਾਂ ਅੰਗਰੇਜ਼ਾਂ ’ਤੇ ਵਿਸ਼ਵਾਸ ਨਹੀਂ ਸੀ ਕਰਦੀ ਤੇ ਉਹ ਆਪਣੇ ਪੰਜਾਬ ਵਾਸਤੇ ਅੰਗਰੇਜ਼ਾਂ ਨਾਲ ਦਸਤਪੰਜ਼ਾ ਲੈਂਦੀ ਹੈ। ਉਹ ਪਰੰਪਰਾ ਨੂੰ ਨਕਾਰਦਿਆਂ ਜ਼ਨਾਨਾ ਪਰਦੇ ’ਚੋਂ ਬਾਹਰ ਨਿਕਲਦੀ ਹੈ ਤੇ ਪਰਦੇ ਦੀ ਥਾਂ ਨੂੰ ਤਜ ਕੇ ਲੋਕਾਂ ’ਚ ਵਿਚਰ ਕੇ ਰਾਜ-ਕਾਜ ਦੇ ਕੰਮ ਕਰਦੀ ਹੈ।ਆਪਣੀ ਖ਼ਾਲਸਾ ਫ਼ੌਜ ਨੂੰ ਖ਼ੁਦ ਸੰਬੋਧਨ ਕਰਕੇ ਉਹਨੇ ਫਿਰੰਗੀਆਂ ਵਿਰੁੱਧ ਦੋ ਯੁੱਧਾਂ ’ਚ ਆਪਣੇ ਬੰਦਿਆਂ ਨੂੰ ਉਤਸ਼ਾਹਿਤ ਕੀਤਾ।ਉਸ ਦੀ ਤਾਕਤ ਤੇ ਉਹਦਾ ਪ੍ਰਭਾਵ ਏਨਾ ਜ਼ਬਰਦਸਤ ਸੀ ਕਿ ਅੰਗਰੇਜ਼ਾਂ ਨੂੰ ਬਗ਼ਾਵਤ ਦਾ ਡਰ ਲੱਗਣ ਲੱਗਿਆ ਤੇ ਉਨ੍ਹਾਂ ਨੇ ਬਾਗੀ ਮਹਾਰਾਣੀ ਦੀ ਹਰ ਚੀਜ਼ ਜੋ ਵੀ ਉਸ ਕੋਲ ਸੀ, ਇਥੋਂ ਤੱਕ ਕਿ ਉਹਦਾ ਪੁੱਤਰ ਵੀ ਉਹਦੇ ਤੋਂ ਖੋਹ ਲਿਆ।ਇਹ ਇਕ ਮਹਾਰਾਜੇ ਅਤੇ ਇਕ ਸਾਧਾਰਨ ਔਰਤ ਦੀ ਰੌਚਕਤਾ ਭਰਪੂਰ ਪਿਆਰ ਕਹਾਣੀ ਹੈ, ਇਹ ਕਹਾਣੀ ਸਾਨੂੰ ਵਫ਼ਾਦਾਰੀਆਂ ਅਤੇ ਧੋਖਿਆਂ ਤੋਂ ਸੁਚੇਤ ਕਰਦੀ ਹੈ, ਇਸ ਵਿੱਚ ਮਾਂ ਅਤੇ ਪੁੱਤਰ ਦੇ ਸਦੀਵੀਂ ਸੰਬੰਧ ਦਾ ਸ਼ਕਤੀਸ਼ਾਲੀ ਪ੍ਰਗਟਾਅ ਹੈ, ਉਨੀਵੀਂ ਸਦੀ ਦੀ ਸਭ ਤੋਂ ਨਿਡਰ ਔਰਤ ਜੋ ਸਾਡੇ ਸਮਿਆਂ ਲਈ ਇਕ ਪ੍ਰੇਰਨਾ ਬਣ ਕੇ ਮੁੜ ਜ਼ਿੰਦਾ ਹੋ ਗਈ।ਨਾਟਕ ਵਿੱਚ ਰਮਾ ਸੇਖੋਂ, ਗੁਰਤੇਜ ਮਾਨ, ਸਾਜਨ ਕੋਹੀਨੂਰ, ਦਿਪਿਕਾ ਅਤੇ ਹਰਸ਼ਿਤਾ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।ਇਸ ਨਾਟਕ ਨੂੰ ਗੀਤ-ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ।
ਇਸ ਨਾਟਕ ਨੂੰ ਦੇਖਣ ਲਈ ਸ਼ਾਇਰ ਫ਼ਿਲਮ ਦੇ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ, ਹਰਿਭਜਨ ਸਿੰਘ ਭਾਟੀਆ, ਡਾ. ਰਵਿੰਦਰ, ਹਿਰਦੇਪਾਲ ਸਿੰਘ, ਸ਼ਾਇਰ ਫ਼ਿਲਮ ਦੇ ਲੇਖਕ ਜਗਦੀਪ ਵੜਿੰਗ, ਅਦਾਕਾਰ ਦੀਪਕ, ਪ੍ਰਿੰ. ਗੁਰਪ੍ਰੀਤ ਕੌਰ, ਡਾ. ਅਰਵਿੰਦਰ ਕੌਰ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਪਵਨਦੀਪ, ਡਾ. ਇਕਬਾਲ ਕੌਰ ਸੌਂਦ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਹੀਰਾ ਸਿੰਘ ਰੰਧਾਵਾ, ਸੁਮੀਤ ਸਿੰਘ, ਵਿਪਨ ਧਵਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …