ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਦਾ ਸੰਚਾਰ ਕਰਨ ਲਈ ਸਥਾਨਕ ਤਰਕਸ਼ੀਲ ਭਵਨ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਹਿਲਕਦਮੀ ਤੇ ਤਿੰਨ ਰੋਜ਼ਾ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਦੀ ਸ਼ੁਰੂਆਤ ਹੋਈ।ਇਸ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ‘ਚੋਂ 14 ਤੋਂ 18 ਸਾਲ ਤੱਕ ਉਮਰ ਵਰਗ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਕੈਂਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਦਿਆਂ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਸੋਚਣ, ਸਮਝਣ ਤੇ ਪਰਖਣ ਦੀ ਪਹੁੰਚ ਵਿਕਸਿਤ ਕਰਕੇ ਹੀ ਮੰਜ਼ਿਲ ‘ਤੇ ਪਹੁੰਚਿਆ ਜਾ ਸਕਦਾ ਹੈ।ਇਸ ਅਮਲ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵ ਹੈ।ਅੰਧਵਿਸ਼ਵਾਸ਼ਾਂ ਤੇ ਅਗਿਆਨਤਾ ਨੂੰ ਖਤਮ ਕਰਕੇ ਹੀ ਜ਼ਿੰਦਗ਼ੀ ਤੇ ਸਮਾਜ ਨੂੰ ਸੁਖਾਵੇਂ ਪਾਸੇ ਤੋਰਿਆ ਜਾ ਸਕਦਾ ਹੈ।ਤਰਕਸ਼ੀਲ ਚਿੰਤਕ ਤੇ ਲੇਖਕ ਰਾਜਪਾਲ ਸਿੰਘ ਨੇ ਵਿਗਿਆਨਕ ਚੇਤਨਾ ਨੂੰ ਸਫ਼ਲਤਾ ਦਾ ਮਾਰਗ ਦੱਸਦਿਆਂ ਇਸ ਦੇ ਲੜ ਲੱਗਣ ਲਈ ਆਖਿਆ।ਉਨ੍ਹਾਂ ਕਿਹਾ ਕਿ ਵਿਗਿਆਨੀਆਂ ਵਲੋਂ ਮਾਨਵਤਾ ਦੇ ਭਲੇ ਲਈ ਕੱਢੀਆਂ ਕਾਢਾਂ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ।ਸਾਨੂੰ ਵੀ ਆਪਣੇ ਚੌਗਿਰਦੇ ਨੂੰ ਚੇਤਨਾ ਦੇ ਚਾਨਣ ਨਾਲ ਰੁਸ਼ਨਾਉਣਾ ਚਾਹੀਦਾ ਹੈ।ਅਗਲੇ ਸੈਸ਼ਨ ਵਿੱਚ ਡਾ. ਗਗਨਦੀਪ ਸਿੰਘ ਐਮ.ਡੀ ਨੇ ਨਸ਼ਿਆਂ ਦੇ ਜ਼ਿੰਦਗੀ ਅਤੇ ਸਮਾਜ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਵਿਚਾਰ ਰੱਖੇ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਬਜ਼ਾਏ ਸਿੱਖਿਆ, ਗਿਆਨ ਤੇ ਚੇਤਨਾ ਨਾਲ ਜ਼ਿੰਦਗੀ ਨੂੰ ਸੰਵਾਰਨ ਦਾ ਸੱਦਾ ਦਿੱਤਾ।ਕੈਂਪ ਦੇ ਆਖਰੀ ਸੈਸ਼ਨ ਵਿੱਚ ਰਾਮ ਕੁਮਾਰ ਪਟਿਆਲਾ ਨੇ ਜਾਦੂ ਕਲਾ ਦੇ ਭੇਦ ਦਿਲਚਸਪ ਢੰਗ ਨਾਲ ਸਿਖਾਏ।
ਇਸ ਮੌਕੇ ਸੁਸਾਇਟੀ ਦੇ ਆਗੂ ਹੇਮ ਰਾਜ ਸਟੈਨੋ, ਬਲਬੀਰ ਲੋਂਗੋਵਾਲ,ਜੋਗਿੰਦਰ ਕੁੱਲੇਵਾਲ, ਗੁਰਪ੍ਰੀਤ ਸ਼ਹਿਣਾ, ਜਸਵੰਤ ਮੁਹਾਲੀ, ਮਾਸਟਰ ਪਰਮਵੇਦ, ਕੁਲਜੀਤ ਡੰਗਰ ਖੇੜਾ, ਸੀਤਾ ਰਾਮ ਬਾਲਦ ਕਲਾਂ, ਅਵਤਾਰ ਦੀਪ ਤੇ ਕੁਲਦੀਪ ਨੈਣੇਵਾਲ ਵੀ ਮੌਜ਼ੂਦ ਸਨ।ਚੇਤਨਾ ਕੈਂਪ ਦਾ ਮੰਚ ਸੰਚਾਲਨ ਸੁਰਜੀਤ ਟਿੱਬਾ ਨੇ ਕੀਤਾ।
Check Also
ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …