Thursday, July 18, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਪੁਸਤਕ `ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਪੌਦਿਆਂ ਦਾ ਜ਼ਿਕਰ` ਰਲੀਜ਼

ਅੰਮ੍ਰਿਤਸਰ, 22 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਡਾ. ਪੁਸ਼ਪਿੰਦਰ ਜੈ ਰੂਪ ਦੀ ਪੁਸਤਕ `ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੌਦਿਆਂ ਦਾ ਜ਼ਿਕਰ` ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਵੱਲੋਂ ਸਾਂਝੇ ਤੌਰ `ਤੇ ਰਲੀਜ਼ ਕਰਦਿਆਂ ਇਸ ਪੁਸਤਕ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਇਹ ਪੁਸਤਕ ਧਰਮ ਅਤੇ ਵਿਗਿਆਨ ਨੂੰ ਇਕੱਠਿਆਂ ਵੇਖਣ ਵੱਲ ਇਸ਼ਾਰਾ ਕਰਦੀ ਹੈ ਅਤੇ ਗਿਆਨ ਦੀ ਠੀਕ ਦਿਸ਼ਾ `ਚ ਜਾਣ ਲਈ ਧਰਮ ਤੇ ਵਿਗਿਆਨ ਨੂੰ ਇਕਹਿਰੇ ਨਜ਼ਰੀਏ ਤੋਂ ਵੇਖਣ ਦੀ ਬਜ਼ਾਇ ਧਰਮ ਅਤੇ ਵਿਗਿਆਨ ਦੀਆਂ ਵੱਖ ਵੱਖ ਦਿਸ਼ਾਵਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।ਰਲੀਜ਼ ਸਮਾਰੋਹ ਦੇ ਦੌਰਾਨ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਪ੍ਰੋਫੈਸਰ ਇੰਚਾਰਜ਼ ਲੋਕ ਸੰਪਰਕ ਪ੍ਰੋ. ਵਸੁਧਾ ਸੰਬਿਆਲ ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਫੈਕਲਟੀ ਮੈਂਬਰ, ਰਿਸਰਚ ਸਕਾਲਰਜ਼ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ ਸਿੰਘ ਨੇ ਇਸ ਤੋਂ ਪਹਿਲਾਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ ਧਾਰਮਿਕ ਪੱਖ ਤੋਂ ਜਾਣੂ ਕਰਵਾਇਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਕੀਤੇ ਗਏ ਪੌਦਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਕਾਰਜ `ਤੇ ਅਜੇ ਤਕ ਕਿਸੇ ਵੱਲੋਂ ਵੀ ਕੰਮ ਨਹੀਂ ਕੀਤਾ ਗਿਆ।ਉਨ੍ਹਾਂ ਨੇ ਲੇਖਿਕਾ ਡਾ. ਪੁਸ਼ਪਿੰਦਰ ਜੈ ਰੂਪ ਦੇ ਜੀਵਨ ਅਤੇ ਸਾਹਿਤ ਜਗਤ ਵਿਚ ਕੀਤੇ ਗਏ ਹੋਰ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਦਾ ਨਿਵੇਕਲਾ ਕਾਰਜ ਹੈ ਜਿਸ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।ਉਨ੍ਹਾਂ ਦੱਸਿਆ ਇਹ ਪੁਸਤਕ ਵਿਚ ਸਬੰਧਤ ਪੌੌਦਿਆਂ ਦੀਆਂ ਤਸਵੀਰਾਂ ਦੇ ਕਾਰਜ ਨੂੰ ਡਾ. ਅਰਸ਼ ਰੂਪ ਸਿੰਘ ਨੇ ਆਪਣੀ ਫੋਟੋਗ੍ਰਾਫੀ ਰਾਹੀਂ ਪੇੇਸ਼ ਕਰਕੇ ਹੋਰ ਵੀ ਵਧੀਆ ਕਾਰਜ ਕੀਤਾ ਹੈ।
ਪ੍ਰੋ. ਜੈ ਰੂਪ ਸਿੰਘ ਨੇ ਕਿਹਾ ਕਿ ਇਹ ਪੁਸਤਕ ਬਾਣੀ ਅੰਦਰ ਪੌਦਿਆਂ ਦੇ ਹੋਏ ਉਲੇਖ ਦੇ ਸਮੁੱਚੇ ਵੇਰਵੇ ਨੂੰ ਪਾਠਕਾਂ ਦੇ ਸਨਮੁੱਖ ਪ੍ਰਸਤੁਤ ਕਰਦੀ ਹੈ।ਪੁਸਤਕ ਵਿਚ ਵਿਦਵਾਨ ਲੇਖਿਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਲੋਂ ਬਾਣੀ ਵਿੱਚ ਵੱਖ-ਵੱਖ ਪੌਦਿਆਂ ਦੇ ਕੀਤੇ ਗਏ ਉਲੇਖ ਦਾ ਵੇਰਵੇ ਸਹਿਤ ਵਿਵਰਣ ਪ੍ਰਸਤੁਤ ਕਰਦਿਆਂ ਉਨ੍ਹਾਂ ਦੇ ਸੁਭਾਅ ਅਤੇ 59 ਜਾਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।ਇਸ ਵਿੱਚ ਪੌਦਿਆਂ ਦੀਆਂ ਮਿਸਾਲਾਂ ਦੇ ਕੀਤੇ ਗਏ ਪ੍ਰਯੋਗ ਨੂੰ ਗੁੁਰਮੁਖੀ ਅੱਖਰਾਂ ਦੇ ਕ੍ਰਮ ਅਨੁਸਾਰ ਪੇਸ਼ ਕੀਤਾ ਗਿਆ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੇਂਦਰ ਦੇ ਵੱਖ-ਵੱਖ ਖੋਜ਼ ਕਾਰਜਾਂ ਅਤੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਅੰਤਰ-ਧਰਮ ਸੰਵਾਦ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਅਧਿਐਨ, ਗੁਰਬਾਣੀ ਸੰਗੀਤ, ਭਾਸ਼ਾ ਵਿਗਿਆਨ, ਸਮਾਜਿਕ ਅਤੇ ਸੱਭਿਆਚਾਰਕ ਅਧਿਐਨ ਅਤੇ ਸਿੱਖ ਸਾਹਿਤ ਦੇ ਅਨੁਵਾਦ ਆਦਿ ਦੇ ਕਾਰਜਾਂ ਨੂੰ ਆਪਣੇ ਕੇਂਦਰ ਵਿੱਚ ਰੱਖਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ, ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਬਾਣੀ ਅੰਦਰ ਪੌਦਿਆਂ ਤੇ ਵੇਲ-ਬੂਟਿਆਂ ਆਦਿ ਦੇ ਅਧਿਐਨ ਨਾਲ ਸਬੰਧਤ ਹੈ, ਜੋ ਬਾਣੀ ਅੰਦਰ ਪੌਦਿਆਂ ਦੇ ਮਿਲਦੇ ਵੇਰਵੇ ਤੇ ਉਨ੍ਹਾਂ ਲਈ ਪ੍ਰਯੋਗ ਹੋਏ ਅੱਡ ਅੱਡ ਨਾਵਾਂ ਨੂੰ ਸਿਲਸਿਲੇਵਾਰ ਢੰਗ ਨਾਲ ਪ੍ਰਸਤੁਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਪੌਦਿਆਂ ਬਾਰੇ ਇਹ ਪੁਸਤਕ “ਪਵਿੱਤਰ ਸ਼ਬਦਾਂ ਵਿੱਚ ਬੋਟੈਨੀਕਲ ਸੰਦਰਭਾਂ ਵਿੱਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ, ਇਤਿਹਾਸਕ ਗ੍ਰੰਥ ਨੂੰ ਆਧੁਨਿਕ ਬੋਟੈਨੀਕਲ ਵਿਗਿਆਨ ਨਾਲ ਜੋੜਨ ਲਈ ਇੱਕ ਕੀਮਤੀ ਸਰੋਤ ਬਣੇਗੀ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …