Thursday, July 18, 2024

ਸਿਰਜਣ ਪ੍ਰਕਿਰਿਆ ਵਿੱਚ ਵਿਅਕਤੀ ਅਤੇ ਕਾਰਜ਼ ਇੱਕ-ਰੂਪ ਹੋ ਜਾਂਦੇ ਹਨ – ਕੇਵਲ ਧਾਲੀਵਾਲ

19ਵੀਂ ਸਿਰਜਣ ਪ੍ਰਕਿਰਿਆ ਦਾ ਸਫ਼ਲ ਆਯੋਜਨ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਸਾਹਿਤ ਅਤੇ ਚਿੰਤਨ ਦਾ ਸੁਮੇਲ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਦੇ ਅੱਜ 19ਵੇਂ ਭਾਗ ਦਾ ਆਯੋਜਨ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਸੈਮੀਨਾਰ ਹਾਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬੀ ਦੇ ਪ੍ਰਸਿਧ ਨਾਟਕਕਾਰ ਅਤੇ ਨਾਟ-ਮੰਚ ਨਾਲ ਜੁੜੀ ਸਖਸ਼ੀਅਤ ਕੇਵਲ ਧਾਲੀਵਾਲ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ।ਇਸ ਸਮਾਗਮ ਵਿੱਚ ਰਾਜ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀ, ਅਧਿਆਪਕ ਅਤੇ ਵਿਦਵਾਨ ਸ਼ਾਮਿਲ ਹੋਏ।
ਕੇਵਲ ਧਾਲੀਵਾਲ ਨੇ ਆਪਣੇ ਭਾਸ਼ਣ ਦਾ ਆਗਾਜ਼ ਬਚਪਨ ਦੀਆਂ ਯਾਦਾਂ, ਵਿਸ਼ੇਸ਼ ਕਰ ਨਾਟਕ ਨਾਲ ਸੰਬੰਧਿਤ ਸਮ੍ਰਿਤੀਆਂ ਰਾਹੀਂ ਕੀਤਾ, ਜਿਸ ਵਿੱਚ ਉਨ੍ਹਾਂ ਉਚੇਚੇ ਤੌਰ ‘ਤੇ ਆਪਣੀ ਸਿਰਜਣ ਪ੍ਰਕਿਰਿਆ ਦੀ ਪ੍ਰੇਰਨਾ ਵਿੱਚ ਗੁਰਸ਼ਰਨ ਭਾਅ ਜੀ ਦੇ ਰੋਲ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਦਿਨਾਂ ਨੂੰ ਬਹੁਤ ਅਹਿਮ ਮੰਨਿਆ।ਉਨ੍ਹਾਂ ਨਾਟਕ ਦੀ ਪੇਸ਼ਕਾਰੀ ਸੰਬੰਧਿਤ ਕਈ ਸੂਖ਼ਮ ਪਹਿਲੂਆਂ ਨੂੰ ਛੋਂਹਦਿਆਂ, ਆਪਣੀ ਸਿਰਜਣਾਤਮਿਕਤਾ ਸੰਬੰਧੀ ਪ੍ਰਯੋਗਸ਼ੀਲ ਰਹਿਣ ਵੱਲ ਇਸ਼ਾਰਾ ਕੀਤਾ।ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਜਣਾ ਵਿੱਚ ਵਿਅਕਤੀ ਸਵੈ ਉਸ ਵੱਲੋਂ ਕੀਤੇ ਕਾਰਜ਼ ਦਾ ਹੀ ਰੂਪ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ‘ਮੇਰੀ ਨਾਟਕਕਾਰੀ ਦਾ ਵਿਕਾਸ ਮੇਰੇ ਵੱਲੋਂ ਵਰਤੀਆਂ ਸ਼ੈਲੀਆਂ ਰਾਹੀਂ ਹੀ ਹੋਇਆ। ਮੈਂ ਆਪਣੇ ਆਪ ਵਿੱਚ ਨਾਟਕ ਹੋ ਜਾਂਦਾ ਹਾਂ।ਮੈਂ ਆਪਣੇ ਰੰਗ-ਮੰਚ ਰਾਹੀਂ ਸਮਾਜ ਅਤੇ ਵਿਅਕਤੀ ਸੰਬੰਧ ਦੇ ਅੰਤਰੀਵ ਭਾਵ-ਮੰਡਲ ਦੀ ਪੇਸ਼ਕਾਰੀ ਕਰਦਾ ਹੈ’।ਉਨ੍ਹਾਂ ਦੱਸਿਆ ਕਿ ਕਿਵੇਂ ਨਾਟਕ ਦੇ ਸਾਹਿਤ ਦੀ ਬਾਕੀ ਵਿਧਾਵਾਂ ਤੋਂ ਵੱਖਰਾ ਹੁੰਦਿਆਂ ਹੋਇਆ ਵੀ ਕਿਵੇਂ ਹਰ ਵਿਧਾ ਵਿੱਚਲੇ ਨਾਟਕੀ ਤੱਤ ਰਾਹੀਂ ਮੰਚ ਦਾ ਹਿੱਸਾ ਬਣ ਰਿਹਾ ਹੁੰਦਾ ਹੈ।ਪੰਜਾਬੀ ਨਾਟਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਥਾਨਕ ਹਾਲਾਤਾਂ ਦੀਆਂ ਪਰਤਾਂ ਦੀ ਸਮਝ ਅਤੇ ਪੇਸ਼ਕਾਰੀ ਪੰਜਾਬੀ ਸਮਾਜ ਵਿੱਚ ਨਿਰਤੰਰ ਚੱਲਦੇ ਪ੍ਰਵਚਨਾਂ ਅਤੇ ਉਹਨਾਂ ਤੋਂ ਪੈਦਾ ਹੁੰਦੇ ਵਰਤਾਰਿਆਂ ਕਾਰਨ ਅਣਗੌਲੀਆਂ ਰਹਿ ਜਾਂਦੀਆਂ ਹਨ।ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਸੰਵਾਦ ਸੰਬੰਧੀ ਸੈਸ਼ਨ ਵਿੱਚ ਨਾਟਕ ਦੇ ਅਨੁਵਾਦ ਪ੍ਰਕਿਰਿਆ ਵਿੱਚ ਸਭਿਆਚਾਰਕ ਪ੍ਰਸੰਗਿਕਤਾ ਸੰਬੰਧੀ, ਨਾਟਕੀਅਤਾ, ਨਾਟਕ ਅਤੇ ਯਥਾਰਥ, ਨਾਟਕ ਅਤੇ ਸੰਗੀਤ ਦੇ ਸੰਬੰਧੀ ਧਾਲੀਵਾਲ ਨੂੰ ਪ੍ਰਸ਼ਨ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਸੰਤੋਖਜਨਕ ਉੱਤਰ ਦਿੱਤਾ ਗਿਆ।
ਇਸ ਤੋਂ ਬਾਅਦ ਯੁਵਾ ਕਵੀ ਦਰਬਾਰ ਦਾ ਆਗਾਜ਼ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਵਲੋਂ ਆਪਣੀ ਦਾਰਸ਼ਨਿਕ ਕਾਵਿ-ਰਚਨਾ ਰਾਹੀਂ ਕੀਤਾ।ਕਵੀ ਦਰਬਾਰ ਦਾ ਮਾਹੌਲ ਉਸ ਸਮੇਂ ਆਪਣੇ ਅਰੂਜ਼ ‘ਤੇ ਚਲਾ ਗਿਆ, ਜਦੋਂ ਸੁਰਿੰਦਰ ਸਿੰਘ ਨੇ ਆਪਣੀ ਗ਼ਜ਼ਲ ਤਰੁਨਮ ਵਿੱਚ ਗਾਈ।ਇਸ ਕਵੀ ਦਰਬਾਰ ਵਿੱਚ ਸ਼ਾਇਰ ਪ੍ਰੀਤ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਸ਼ਾਇਰ, ਕੰਵਲ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਗਿੱਲ, ਉਮਰਬੀਰ ਅਤੇ ਸੁਮਿਤ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ।ਇਸ ਆਯੋਜਨ ਦੀ ਸਮਾਪਤੀ ਸੰਸਥਾ ਦੇ ਡਾਇਰੈਟਕਰ ਪ੍ਰੋ. ਜਗਦੀਸ਼ ਸਿੰਘ ਦੁਆਰਾ ਧੰਨਵਾਦੀ ਸ਼ਬਦਾਂ ਰਾਹੀਂ ਹੋਈ।ਉਨ੍ਹਾਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਖੋਜਾਰਥੀਆਂ/ ਵਿਦਿਆਰਥੀਆਂ, ਵਿਦਵਾਨਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਮੁੱਖ ਵਕਤਾ ਕੇਵਲ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਦੀ ਲਗਨ, ਸਿਰੜਤਾ ਅਤੇ ਪੰਜਾਬੀ ਨਾਟਕ ਦੇ ਵਿਕਾਸ ਲਈ ਸਮਰਪਨ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ।ਮੰਚ ਦਾ ਸੰਚਾਲਨ ਸੁਰਿੰਦਰ ਸਿੰਘ ਨੇ ਕੀਤਾ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …