Thursday, November 21, 2024

ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਕੌਮੀ ਅਧਿਆਪਕ ਦਿਵਸ ‘ਤੇ 20ਵਾਂ ਸਮਾਗਮ

ਅੰਮਿ੍ਰਤਸਰ, 5 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ, ਸੱਭਿਆਚਾਰ ਤੇ ਵਿਰਾਸਤ ਨੂੰ ਸੰਸਥਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਕੌਮੀ ਅਧਿਆਪਕ ਦਿਵਸ ‘ਤੇ ਵਿਰਸਾ ਵਿਹਾਰ ਵਿਖੇ 20ਵਾਂ ਸਮਾਗਮ ਰਚਾ ਕੇ ਅੰਮ੍ਰਿਤਸਰ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚੋਂ ਚੋਣਵੇਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਸਨਮਾਨਿਤ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ, ਸਨਮਾਨ ਚਿੰਨ੍ਹ, ਸੋਵੀਨਰ ਤੇ ਫੁੱਲ ਭੇਂਟ ਕੀਤੇ ਗਏ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਵਿਦਿਆ ਨੂੰ ਪੰਜਾਬੀਆਂ ਦੇ ਸੁਭਾਅ ਤੇ ਸੂਰਬੀਰਤਾ ਸਨਮੁੱਖ ਸਮੇਂ ਦੇ ਹਾਣੀ ਬਣਾਉਣ ਲਈ ਅਧਿਆਪਕ ਵਰਗ ਦਾ ਖਾਸ ਯੋਗਦਾਨ ਰਿਹਾ ਹੈ ਅਤੇ ਰਹੇਗਾ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਦਾ ਇਹ ਲਗਾਤਾਰ 20 ਸਾਲਾਂ ਦਾ ਇਤਿਹਾਸਕ ਸਮਾਗਮ ਹੈ।
ਅਧਿਆਪਕ ਦਿਵਸ’ਤੇ ਬਤੌਰ ਮੁੱਖ ਮਹਿਮਾਨ ਪੁੱਜੇ ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅੰਮ੍ਰਿਤਸਰ ਨੇ ਅਧਿਆਪਕਾਂ ਨੂੰ ਜ਼ਮੀਨੀ ਧਰਾਤਲ ਪਛਾਣ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨੇ ਕਿਹਾ ਕਿ ਅੱਜ ਉਹ ਜੋ ਵੀ ਹਨ ਉਹ ਆਪਣੇ ਅਧਿਆਪਕਾਂ ਦੀ ਬਦੌਲਤ ਹਨ।ਹੋਰ ਬੁਲਾਰਿਆਂ ਨੇ ਵੀ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਆਰਟ ਗੈਲਰੀ ਦੇ ਸਾਬਕਾ ਪ੍ਰਧਾਨ ਸ਼ਿਵਦੇਵ ਸਿੰਘ ਆਰਟਿਸਟ ਨੂੰ ਵਿਸ਼ੇਸ਼ ਸਨਮਾਨ ਅਤੇ ਸਤਨਾਮ ਸਿੰਘ ਪਾਖ਼ਰਪੁਰਾ ਨੂੰ ਜ਼ਿੰਦਗੀ ਭਰ ਕਾਰਜ਼ਸੀਲ ਰਹੇ ਅਧਿਆਪਕ ਨੂੰ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਦਿੱਤਾ ਗਿਆ।ਮੰਚ ਸੰਚਾਲਕ ਦੀ ਭੂਮਿਕਾ ਡਾ. ਸੁਖਦੇਵ ਸਿੰਘ ਸੇਖੋਂ ਨੇ ਬਾਖੂਬੀ ਨਿਭਾਈ।ਸਮਾਗਮ ਵਿੱਚ ਆਏ ਹੋਏ ਅਧਿਆਪਕਾਂ, ਮਹਿਮਾਨਾਂ ਤੇ ਬੁੱਧੀਜੀਵੀਆਂ ਦਾ ਧੰਨਵਾਦ ਵਿਰਸਾ ਵਿਹਾਰ ਦੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਕੀਤਾ।
ਇਸ ਮੌਕੇ ਹਰਜੀਤ ਕੌਰ, ਰਾਜਵਿੰਦਰ ਕੌਰ, ਕਮਲ ਨੈਨ ਸਿੰਘ, ਨਰਿੰਦਰ ਰਾਏ, ਭੁਪਿੰਦਰ ਸਿੰਘ ਗਿੱਲ, ਰਾਣਾ ਪ੍ਰਤਾਪ, ਸੁਖਬੀਰ ਸਿੰਘ ਥਿੰਦ, ਮਨਪ੍ਰੀਤ ਸੰਧੂ, ਖੁਸ਼ਪਾਲ ਚੀਮਾ, ਨਵਦੀਪ ਸਿੰਘ, ਚੇਤਨ ਸ਼ਰਮਾ, ਡਾ. ਭੁਪਿੰਦਰ ਸਿੰਘ ਭਕਨਾ, ਧਰਵਿੰਦਰ ਸਿੰਘ ਔਲਖ, ਗੁਰਦੇਵ ਸਿੰਘ ਮਹਿਲਾਂਵਾਲਾ, ਅਸ਼ਵਨੀ ਅਵਸਥੀ, ਨਿਰੰਜਨ ਗਿੱਲ, ਸੁਖਬੀਰ ਭੁੱਲਰ, ਰਾਕੇਸ਼ ਗੁਲਾਟੀ, ਪਰਵਿੰਦਰ ਸਿੰਘ ਮੂਧਲ ਆਦਿ ਹਾਜ਼ਰ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …