ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਗੁਰਬਾਣੀ ਦੇ ਹੱਥ-ਲਿਖਤ ਖਰੜੇ: ਪਰੰਪਰਾ, ਇਤਿਹਾਸ ਅਤੇ ਅਧਿਐਨ” ਵਿਸ਼ੇ ਉਪਰ ਸੱਤ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਅੱਜ ਕੀਤਾ ਗਿਆ। 24 ਸਤੰਬਰ 2024 ਨੂੰ ਸੰਪਨ ਹੋਣ ਵਾਲੀ ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਆਰੰਭਤਾ ਕੇਂਦਰ ਦੇ ਡਾਇਰੈਕਟਰ, ਡਾ. ਅਮਰਜੀਤ ਸਿੰਘ ਵੱਲੋਂ ਕੀਤੀ ਗਈ।ਉਨ੍ਹਾਂ ਨੇ ਹੱਥ-ਲਿਖਤ ਖਰੜਿਆਂ ਦੀ ਮਹੱਤਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰੂਨੀ ਹਵਾਲਿਆਂ ਨਾਲ ਵਰਕਸ਼ਾਪ ਵਿਚ ਪਹੁੰਚੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਖੋਜਾਰਥੀਆਂ ਨਾਲ ਸਾਂਝਾ ਕੀਤਾ ਅਤੇ ਇਸ ਵਰਕਸ਼ਾਪ ਦੇ ਉਦੇਸ਼ ਅਤੇ ਮਹੱਤਤਾ ਬਾਰੇ ਵੀ ਖੋਜਾਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
ਵਰਕਸ਼ਾਪ ਦਾ ਪਹਿਲਾ ਪਰਚਾ ਕੇਂਦਰ ਦੇ ਪ੍ਰੋ. ਡਾ. ਅਮਰ ਸਿੰਘ ਵੱਲੋਂ ‘ਗੁਰਬਾਣੀ ਦੇ ਹੱਥ-ਲਿਖਤ ਖਰੜਿਆਂ ਦੀ ਲਿਖਣ ਪਰੰਪਰਾ ਅਤੇ ਸਮੱਗਰੀ’ ਵਿਸ਼ੇ ਉਪਰ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਾਗਜ਼ ਦੀ ਬਣਾਵਟ, ਸਿਆਹੀ ਦੀ ਮਹੱਤਤਾ ਤੇ ਵਿਧੀ, ਜਨਮਸਾਖੀ ਸਾਹਿਤ ਦੇ ਹਵਾਲੇ ਨਾਲ ਗੁਰਬਾਣੀ ਇਕੱਤਰ ਕਰਨ ਬਾਰੇ, ਅਹੀਆਪੁਰ ਵਾਲੀ ਪੋਥੀ, ਦਮਦਮੀ ਬੀੜ, ਕਰਤਾਰਪੁਰੀ ਬੀੜ, ਦਰਬਾਰ-ਏ-ਖਾਲਸਾ ਵਾਲੀ ਬੀੜ, ਲਿਖਾਰੀ ਲਈ ਬੀੜ ਦੀ ਉਪਲੱਬਧਤਾ, ਕਸ਼ਮੀਰੀ ਗੁਰਮੁਖੀ ਲਿਪੀ, ਸ਼ਿਕਸ਼ਤਾ ਲਿਪੀ, ਪੱਥਰ ਛਾਪੇ ਵਾਲੀ ਲਿਪੀ ਆਦਿ ਵਿਸ਼ਿਆਂ ਉਪਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਉਪਰੰਤ ਖੋਜਾਰਥੀਆਂ ਨੇ ਪੇਪਰ ਵਕਤਾ ਨਾਲ ਸੰਬਾਦ ਵੀ ਰਚਾਇਆ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media