Thursday, September 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਿੱਖੇ ਰੋਬੋਟਿਕਸ ਬਣਾਉਣ ਦੇ ਗੁਰ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਰੋਬੋਟਿਕਸ ਨਾਲ ਸਬੰਧਤ ਮੁੱਢਲੇ ਪੜਾਵਾਂ `ਤੇ ਆਧਾਰਿਤ `ਕਿੱਕਸਟਾਰਟ ਯੂਅਰ ਰੋਬੋਟਿਕਸ ਜਰਨੀ: ਰੋਬੋਟਿਕਸ` ਸਿਰਲੇਖ ਵਾਲੀ ਤਿੰਨ ਰੋਜ਼ਾ ਹੈਂਡ-ਆਨ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ ਵਿਖੇ ਕੀਤਾ ਗਿਆ।ਵਰਕਸ਼ਾਪ ਦਾ ਉਦੇਸ਼ ਰੋਬੋਟਿਕਸ ਵਿੱਚ ਬੁਨਿਆਦੀ ਗਿਆਨ ਅਤੇ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ 40 ਵਿਦਿਆਰਥੀਆਂ ਨੇ ਭਾਗ ਲਿਆ।
ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਦੀਪ ਸਿੰਘ ਸੋਹਲ ਨੇ ਹੈਂਡ-ਆਨ ਪ੍ਰੈਕਟਿਸ `ਤੇ ਕੇਂਦਰਿਤ ਵਰਕਸ਼ਾਪ ਸੈਸ਼ਨ ਦੀ ਅਗਵਾਈ ਕੀਤੀ।ਜਿਸ ਵਿਚ ਬੀ.ਟੈਕ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਸੱਤਵੇਂ ਸਮੈਸਟਰ ਦੇ ਵਿਦਿਆਰਥੀ ਈਸ਼ਾਨ ਸਹਿਗਲ ਅਤੇ ਕਨਿਸ਼ ਅਰੋੜਾ ਨੇ ਵਿਸ਼ੇਸ਼ ਸਾਥ ਦਿੱਤਾ।ਡਾ. ਸੋਹਲ ਨੇ ਰੋਬੋਟ ਓਪਰੇਟਿੰਗ ਸਿਸਟਮ (ਆਰ.ਓ.ਐਸ) ਅਤੇ ਉਬੰਟੂ `ਤੇ ਧਿਆਨ ਕੇਂਦਰਿਤ ਕਰਦੇ ਹੋਏ ਜ਼ਰੂਰੀ ਰੋਬੋਟਿਕ ਸੰਕਲਪਾਂ, ਵਰਚੁਅਲ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ।
ਪਹਿਲਾ ਦਿਨ ਰੋਬੋਟਿਕਸ ਓਪਰੇਟਿੰਗ ਸਿਸਟਮ ਨੂੰ ਸਮਝਣ `ਤੇ ਕੇਂਦਰਿਤ ਸੀ ਜਦੋਂ ਕਿ ਦੂਜੇ ਦਿਨ ਪ੍ਰੈਕਟੀਕਲ ਲਾਈਵ ਉਦਾਹਰਣਾਂ ਸ਼ਾਮਲ ਕੀਤੀਆਂ ਗਈਆਂ।ਅੰਤਮ ਦਿਨ ਵਿਦਿਆਰਥੀਆਂ ਨੇ ਲਾਈਵ ਰੋਬੋਟਸ ਚਲਾਉਣ ਦਾ ਤਜ਼ੱਰਬਾ ਹਾਸਲ ਕੀਤਾ।ਉਹਨਾਂ ਨੂੰ ਉੱਨਤ ਰੋਬੋਟਿਕਸ ਐਪਲੀਕੇਸ਼ਨਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।ਡਾ. ਸੋਹਲ ਨੇ ਦੱਸਿਆ ਕਿ ਇਹ ਵਰਕਸ਼ਾਪ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਾਈਸ-ਚਾਂਸਲਰ ਅਤੇ ਕੇਂਦਰ ਦੇ ਕੋਆਰਡੀਨੇਟਰ ਪ੍ਰੋ. ਪ੍ਰਤਾਪ ਕੁਮਾਰ ਪਾਤੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ।
ਇਹ ਵਰਕਸ਼ਾਪ ਅਕਾਦਮਿਕ ਸਿੱਖਿਆ ਵਿੱਚ ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਸਮਝਣ ਤੇ ਜੋੜਨ ਲਈ ਕੇਂਦਰ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।ਸਮਾਗਮ ਵਿੱਚ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਫੈਕਲਟੀ ਮੈਂਬਰ ਡਾ. ਜੈਪ੍ਰੀਤ ਕੌਰ ਅਤੇ ਡਾ. ਕੁਲਦੀਪ ਸਿੰਘ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਡਾ. ਪਾਹੁਲਪ੍ਰੀਤ ਸਿੰਘ ਵੀ ਮੌਜੂਦ ਸਨ।ਡਾ. ਸੋਹਲ ਨੇ ਕਿਹਾ ਕਿ ਇਹ ਇਨਕਿਊਬੇਸ਼ਨ ਸੈਂਟਰ ਵਿਦਿਆਰਥੀਆਂ ਅਤੇ ਸਟਾਰਟਅਪਸ ਲਈ ਹੁਨਰ ਵਿਕਾਸ ਦੇ ਉਦੇਸ਼ ਨਾਲ ਕੀਤੀਆਂ ਪਹਿਲਕਦਮੀਆਂ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ।ਡਾ. ਪਾਤੀ ਨੇ ਵਰਕਸ਼ਾਪ ਦੀ ਸਫਲਤਾ `ਤੇ ਟੀਮ ਨੂੰ ਵਧਾਈ ਦਿੱਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …