Thursday, January 2, 2025

ਖ਼ਾਲਸਾ ਕਾਲਜ ਲਾਅ ਵਿਖੇ ਯੂਨੀਫਾਰਮ ਸਿਵਲ ਕੋਡ ’ਤੇ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਯੂਨੀਫਾਰਮ ਸਿਵਲ ਕੋਡ: ਵੰਨ ਨੇਸ਼ਨ ਵੰਨ ਲਾਅ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਮੁੱਖ ਬੁਲਾਰੇ ਵਜੋਂ ਪ੍ਰੋ. (ਡਾ.) ਵਿਨੇ ਕਪੂਰ ਮਹਿਰਾ ਸਾਬਕਾ ਵਾਈਸ ਚਾਂਸਲਰ ਡਬਰਾਨਲੂ (ਸੋਨੀਪਤ), ਸਾਬਕਾ ਰਾਜ ਸੂਚਨਾ ਕਮਿਸ਼ਨਰ (ਪੰਜਾਬ) ਅਤੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਕਾਨੂੰਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ।
ਡਾ. ਕਪੂਰ ਮਹਿਰਾ ਨੇ ਭਾਰਤ ’ਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਲੋੜ ਅਤੇ ਜ਼ਰੂਰਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ‘ਇਕ ਦੇਸ਼ ਇਕ ਕਾਨੂੰਨ’ ਦੀ ਵਿਚਾਰਧਾਰਾ ’ਤੇ ਅਧਾਰਿਤ ਯੂ.ਸੀ.ਸੀ ਭਾਰਤ ਦੇ ਸਮੂਹ ਧਰਮਾਂ ਅਤੇ ਭਾਈਚਾਰਿਆਂ ’ਤੇ ਇਕੋ ਜਿਹਾ ਕਾਨੂੰਨ ਲਾਗੂ ਹੋਣਾ ਹੈ।ਜਿਸ ’ਚ ਜਾਇਦਾਦ ਦੀ ਪ੍ਰਾਪਤੀ, ਸੰਚਾਲਨ, ਵਿਆਹ, ਤਲਾਕ ਅਤੇ ਗੋਦ ਲੈਣ ਆਦਿ ਸਬੰਧੀ ਸਭਨਾਂ ਵਾਸਤੇ ਇਕਸਾਰ ਕਾਨੂੰਨ ਬਣਾਇਆ ਜਾਣਾ ਹੈ।
ਡਾ. ਮਹਿਰਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਕ ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ, ਜਿਸ ’ਚ ਹਿੰਦੂ, ਮੁਸਲਿਮ, ਸਿੱਖ, ਬੋਧੀ, ਈਸਾਈ ਆਦਿ ਸਾਰੇ ਧਰਮਾਂ ਅਤੇ ਸੰਪਰਦਾਵਾਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਨਾਲ ਸਬੰਧਿਤ ਕਾਨੂੰਨ ਬਣਾਉਣ ਦਾ ਅਧਿਕਾਰ ਹੈ।ਉਨ੍ਹਾਂ ਕਿਹਾ ਕਿ 1956 ਦਾ ਹਿੰਦੂ ਮੈਰਿਜ਼ ਐਕਟ ਹਿੰਦੂ, ਸਿੱਖ, ਇਸਾਈ, ਜੈਨ ਅਤੇ ਹੋਰ ਧਰਮਾਂ ਅਤੇ ਸੰਪਰਦਾਵਾਂ ’ਤੇ ਲਾਗੂ ਹੁੰਦਾ ਹੈ, ਜਦ ਕਿ ਮੁਸਲਿਮ ਪਰਸਨਲ ਲਾਅ ਉਨ੍ਹਾਂ ਲੋਕਾਂ ’ਤੇ ਲਾਗੂ ਹੁੰਦਾ ਹੈ ਜੋ ਮੁਸਲਿਮ ਧਰਮ ਦਾ ਪਾਲਣ ਕਰਦੇ ਹਨ ਵਰਗੇ ਵਿਆਹ ਸਬੰਧੀ ਭਾਰਤ ’ਚ ਦੋ ਤਰ੍ਹਾਂ ਦੇ ਨਿੱਜੀ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਅਮਰੀਕਾ, ਇੰਡੋਨੇਸ਼ੀਆ, ਸੁਡਾਨ, ਤੁਰਕੀ, ਮਿਸਰ, ਪਾਕਿਸਤਾਨ, ਬੰਗਲਾਦੇਸ਼, ਮਲੇਸ਼ੀਆ, ਆਇਰਲੈਂਡ ਆਦਿ ਦੇਸ਼ਾਂ ’ਚ ਇਸ ਕੋਡ ਦੀ ਪਾਲਣਾ ਕੀਤੀ ਜਾਂਦੀ ਹੈ।ਇਨ੍ਹਾਂ ਦੇਸ਼ਾਂ ’ਚ ਸਮੂਹ ਧਰਮਾਂ ਲਈ ਇਕਸਾਰ ਕਾਨੂੰਨ ਹਨ ਅਤੇ ਕਿਸੇ ਵਿਸ਼ੇਸ਼ ਧਰਮ ਜਾਂ ਭਾਈਚਾਰੇ ਲਈ ਕੋਈ ਵੱਖਰਾ ਕਾਨੂੰਨ ਨਹੀਂ ਹੈ।
ਡਾ. ਜਸਪਾਲ ਸਿੰਘ ਨੇ ਡਾ. ਮਹਿਰਾ ਦੁਆਰਾ ਬੀ.ਏ ਐਲ.ਐਲ.ਬੀ ਸਮੈਸਟਰ 9ਵਾਂ ਅਤੇ ਬੀ.ਕਾਮ ਸਮੈਸਟਰ 9ਵਾਂ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਗਿਆਨ ਉਨ੍ਹਾਂ ਦੇ ਤਜ਼ਰਬੇ ’ਚ ਵਾਧਾ ਕਰੇਗਾ।ਸੈਮੀਬਾਰ ਦੌਰਾਨ ਇੱਕ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਦਿਵਿਆ ਸ਼ਰਮਾ, ਡਾ. ਰੇਣੂ ਸੈਣੀ, ਡਾ. ਮੋਹਿਤ ਸੈਣੀ, ਡਾ. ਪਵਨਦੀਪ ਕੌਰ, ਡਾ. ਸ਼ਿਵੇਨ ਸਰਪਾਲ, ਡਾ. ਅਨੀਤਾ, ਪ੍ਰੋ. ਉਤਕਰਸ਼ ਸੇਠ, ਪ੍ਰੋ. ਸੁਗਮ ਅਤੇ ਪ੍ਰੋ. ਹੇਮਾ ਆਦਿ ਮੌਜ਼ੂਦ ਸਨ।

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …