Sunday, November 3, 2024

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਹਿਮੀਅਤ ਦੇਣਾ ਸਾਡਾ ਮੁੱਖ ਮਕਸਦ – ਡਾ. ਮਹਿਲ ਸਿੰਘ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੀ ਸਾਡਾ ਮੁੱਢਲਾ ਅਤੇ ਮੁੱਖ ਫ਼ਰਜ਼ ਹੈ ਜਿਸ ਲਈ ਅਸੀਂ ਨਿਰੰਤਰ ਕਾਰਜ਼ਸ਼ੀਲ ਹਾਂ।ਇਹ ਵਿਚਾਰ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਹਦੂਦ ਅੰਦਰ ਸਥਾਪਿਤ ਹੋਈ ਖਾਲਸਾ ਯੂਨੀਵਰਸਿਟੀ ਦੇ ਨਵ-ਨਿਯੁੱਕਤ ਵਾਈਸ ਚਾਂਸਲਰ ਡਾ. ਮਹਿਲ ਸਿੰਘ ਹੁਰਾਂ ਨੇ ਵਧਾਈ ਦੇਣ ਗਏ ਵਫਦ ਨਾਲ ਗੈਰਰਸਮੀ ਗੱਲਬਾਤ ਦੌਰਾਨ ਕਹੇ।
ਉਹਨਾਂ ਨਾਲ ਮੁਲਾਕਾਤ ਕਰਨ ਗਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਜਰਨਲ ਕੌਂਸਲ ਦੇ ਮੈਂਬਰ ਦੀਪ ਦੇਵਿੰਦਰ ਸਿੰਘ, ਪ੍ਰਮੁੱਖ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਪੰਜ-ਆਬ ਹੈਰੀਟਜ਼ ਮਿਊਜ਼ੀਅਮ ਤੋਂ ਪ੍ਰਤੀਕ ਸਹਿਦੇਵ, ਡਾ. ਹੀਰਾ ਸਿੰਘ ਅਤੇ ਮੋਹਿਤ ਸਹਿਦੇਵ ਆਦਿ ਦਾ ਆਪਣੇ ਦਫਤਰ ਵਿੱਚ ਸਵਾਗਤ ਕਰਦਿਆਂ ਡਾ. ਮਹਿਲ ਸਿੰਘ ਹੁਰਾਂ ਦੱਸਿਆ ਕਿ 100 ਵਰ੍ਹੇ ਪਹਿਲਾਂ ਸਥਾਪਿਤ ਹੋਏ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਖੁਦ-ਮੁਖਤਿਆਰੀ ਨੂੰ ਇੰਨ-ਬਿੰਨ ਕਾਇਮ ਰੱਖਦਿਆਂ ਖਾਲਸਾ ਯੂਨੀਵਰਸਿਟੀ ਵੱਖਰੇ ਤੌਰ ‘ਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਖੋਜ਼-ਵਿਦਿਆਰਥੀਆਂ ਲਈ ਰਿਸਰਚ ਡਿਗਰੀ ਕੋਰਸਾਂ ਦਾ ਬੰਦੋਬਸਤ ਕਰੇਗੀ।ਉਹਨਾਂ ਇਹ ਵੀ ਕਿਹਾ ਕਿ ਖਾਲਸਾ ਯੂਨੀਵਰਸਿਟੀ ਸਾਹਿਤਕਾਰਾਂ ਦਾ ਮਾਣ ਸਨਮਾਨ ਕਰਦਿਆਂ ਹਰ ਵਰ੍ਹੇ ਪੰਜਾਬੀ ਦੇ ਸਥਾਪਿਤ ਲੇਖਕ ਨੂੰ ਆਨਰੇਰੀ ਡਿਗਰੀ ਪ੍ਰਦਾਨ ਕਰਿਆ ਕਰੇਗੀ।
ਉਨ੍ਹਾਂ ਵਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਕੀਤੇ ਕੰਮ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਸੰਸਥਾਵਾਂ ਦਾ ਮਨੋਰਥ ਕੇਵਲ ਪੈਸਾ ਕਮਾਉਣਾ ਹੀ ਨਹੀਂ ਹੁੰਦਾ, ਬਲਕਿ ਚੰਗੀ ਤੇ ਮਿਆਰੀ ਸਿੱਖਿਆ ਦਾ ਹੀ ਹੋਣਾ ਚਾਹੀਦਾ ਹੈ।
ਇਸ ਮੌਕੇ ਮਨਮੋਹਨ ਸਿੰਘ ਢਿੱਲੋਂ ਹੁਰਾਂ ਦੀ ਨਵ-ਪ੍ਰਕਾਸ਼ਿਤ ਪੁਸਤਕ “ਕਲਮਾਂ ਜੋ ਸਿਰਨਾਵਾਂ ਬਣੀਆਂ” ਵਫਦ ਵਲੋਂ ਡਾ. ਮਹਿਲ ਸਿੰਘ ਨੂੰ ਭੇਂਟ ਵੀ ਕੀਤੀ ਗਈ।

Check Also

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਓ.ਐਸ.ਡੀ ਵਜੋਂ ਸੇਵਾਵਾਂ ਨਿਭਾਉਣਗੇ ਸਤਬੀਰ ਸਿੰਘ ਧਾਮੀ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁੱਕਤ ਆਨਰੇਰੀ ਮੁੱਖ ਸਕੱਤਰ …