Thursday, November 21, 2024

ਖਾਲਸਾ ਕਾਲਜ ਫਾਰਮੇਸੀ ਵਿਖੇ ਔਰਤਾਂ ਦੀ ਸਵੈ-ਰੱਖਿਆ ਸਬੰਧੀ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਫਾਰਮੇਸੀ ਵਿਖੇ ਔਰਤਾਂ ਦੀ ਸਵੈ-ਰੱਖਿਆ ਸਬੰਧੀ ਵਰਕਸ਼ਾਪ ਕਰਵਾਈ ਗਈ। ਕਾਲਜ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ.ਕੇ ਧਵਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਉਕਤ ਵਰਕਸ਼ਾਪ ਮੌਕੇ ਵਿਵੇਕ ਕਰਾਟੇ ਸਕੂਲ ਤੋਂ ਜਿਤੇਸ਼ ਸ਼ਰਮਾ ਅਤੇ ਮਯੰਕ ਸ਼ਰਮਾ ਨੇ ਮਾਹਿਰਾਂ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਨੂੰ ਅਚਾਨਕ ਹਮਲੇ, ਖਤਰੇ ਵਰਗੇ ਹਾਲਾਤਾਂ ’ਚ ਸਵੈ-ਰੱਖਿਆ ਆਦਿ ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਵੱਖ-ਵੱਖ ਢੰਗਾਂ ਨਾਲ ਬਚਾਅ ਕਰਨ ਬਾਰੇ ਗੁਰ ਸਾਂਝੇ ਕੀਤੇ।
ਡਾ. ਧਵਨ ਨੇ ਕਿਹਾ ਕਿ ਜਸਰੀਨ ਉਪਲ ਦੀ ਅਗਵਾਈ ‘ਚ ਕਰਵਾਈ ਗਈ ਵਰਕਸ਼ਾਪ ਮੌਕੇ ਮਾਹਿਰਾਂ ਵਲੋਂ ਲੜਕੀਆਂ ਨੂੰ ਮੁਸੀਬਤ ਵੇਲੇ ਬਚਾਅ ਕਰਨ ਲਈ ਕਰਾਟੇ ਦੇ ਵੱਖ-ਵੱਖ ਦਾਅ-ਪੇਚ ਦੇ ਗੁਰਾਂ ਸਬੰਧੀ ਪ੍ਰੈਕਟੀਕਲ ਗਿਆਨ ਪ੍ਰਦਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨਾਂ ਨੂੰ ਪ੍ਰੇਰਿਤ, ਸਿੱਖਿਅਤ ਕਰਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਲਈ ਸਹਾਈ ਸਿੱਧ ਹੁੰਦੀਆਂ ਹਨ।ਅਜੋਕੇ ਹਾਲਾਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਜੀਵਨ ’ਚ ਸਵੈ ਰੱਖਿਆ ਅਤੇ ਸਵੈ-ਸੁਰੱਖਿਆ ਦੇ ਤੌਰ-ਤਰੀਕੇ ਅਤੇ ਦਾਅ ਪੇਚ ਸਿੱਖਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਖੁਦ ਦੇ ਬਚਾਅ ਵਾਲੇ ਢੰਗਾਂ ਨਾਲ ਔਰਤਾਂ ਮਾੜੇ ਹਾਲਾਤ ਸਮੇਂ ਆਪਣ ਬਚਾਅ ਕਰ ਸਕਦੀਆਂ ਹਨ।
ਡਾ. ਧਵਨ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੀਵਨ ’ਚ ਅਗਾਂਹ ਵਧਣ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ’ਚ ਆਤਮ ਸੁਰੱਖਿਆ ਦਾ ਜਜ਼ਬਾ ਪੈਦਾ ਹੋ ਸਕੇ, ਜਿਸ ਦੇ ਬਲਬੂਤੇ ਵਿਦਿਆਰਥੀ ਹਰ ਪਹਿਲੂ ’ਚ ਆਤਮ ਵਿਸ਼ਵਾਸ਼ ਅਤੇ ਆਤਮ ਸਨਮਾਨ ਨਾਲ ਅਗਾਂਹ ਵਧਦੇ ਹੋਏ ਸਮਾਜ ’ਚ ਸਕਾਰਾਤਮਿਕ ਬਦਲਾਅ ਲਿਆ ਸਕਣ।
ਮਾਹਿਰਾਂ ਨੇ ਕਿਹਾ ਕਿ ਦੇਸ਼ ਦੀ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਔਰਤਾਂ ਲਈ ਇੱਕ ਸੁਰੱਖਿਅਤ ਮਾਹੌਲ ਬਣਾਉਣਾ ਬਹੁਤ ਹੀ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਸਵੈ-ਰੱਖਿਆ ਦੇ ਹੁਨਰ ਹਰੇਕ ਲਈ ਲਾਜ਼ਮੀ ਹਨ, ਵਿਸ਼ੇਸ਼ ਤੌਰ ’ਤੇ ਕੰਮਕਾਜ਼ੀ ਔਰਤਾਂ ਲਈ।ਉਨ੍ਹਾਂ ਕਿਹਾ ਕਿ ਨਿੱਤ ਔਰਤਾਂ ਵਿਰੁੱਧ ਅਪਰਾਧਾਂ ਸਬੰਧੀ ਕਈ ਖਬਰਾਂ ਅਖਬਾਰਾਂ, ਟੀ.ਵੀ ਚੈਨਲਾਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਉਜਾਗਰ ਹੁੰਦੀਆਂ ਹਨ, ਜਿਸ ਲਈ ਸਵੈ-ਰੱਖਿਆ ਲਈ ਅਜਿਹੇ ਹੁਨਰ ਸਿੱਖਣਾ ਸਮੇਂ ਦੀ ਮੁੱਖ ਲੋੜ ਹਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …