Tuesday, February 25, 2025
Breaking News

ਖਾਲਸਾ ਕਾਲਜ ਵਿਖੇ ਗੁਰਮਤਿ ਸੰਗੀਤ ਬਾਰੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਕਾਰਜਸ਼ੀਲ ਸਿੱਖ ਇਤਿਹਾਸ ਖੋਜ਼ ਕੇਂਦਰ ਵਿਖੇ ਗੁਰਮਤਿ ਸਟੱਡੀ ਸੈਂਟਰ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਸਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਉਕਤ ਲੈਕਚਰ ਮੌਕੇ ਯੂ.ਐਸ.ਏ ਬੋਸਟਨ ਤੋਂ ਮੁੱਖ ਬੁਲਾਰੇ ਵਜੋਂ ਪੁੱਜੇ ਸਰਬਪ੍ਰੀਤ ਸਿੰਘ ਨੇ ਗੁਰਮਤਿ ਸੰਗੀਤ ਸਬੰਧੀ ਚਾਨਣਾ ਪਾਇਆ।
ਗੁਨਬੀਰ ਸਿੰਘ ਨੇ ਸੈਂਟਰ ਵਿਖੇ ਸਰਬਪ੍ਰੀਤ ਸਿੰਘ ਦੇ ਪੁੱਜਣ ’ਤੇ ਸਵਾਗਤ ਕਰਦਿਆਂ ਵਿਦਿਆਰਥੀਆਂ ਨਾਲ ਜਾਨ-ਪਹਿਚਾਣ ਕਰਵਾਉਂਦਿਆਂ ਕਿਹਾ ਕਿ ਉਹ ਪੇਸ਼ੇ ਵਜੋਂ ਇੱਕ ਇੰਜੀਨੀਅਰ ਹਨ ਅਤੇ ਦੇਸ਼-ਵਿਦੇਸ਼ ’ਚ ਆਮ ਗੁਰਮਤਿ ਸੰਗੀਤ ਦੀ ਮਹਾਨਤਾ ਪ੍ਰਤੀ ਸੰਗਤਾਂ ਨੂੰ ਜਾਗ੍ਰਿਤ ਕਰਦੇ ਹਨ।ਸਰਬਪ੍ਰੀਤ ਸਿੰਘ ਨੇ ਬੇਅੰਤ ਨਾਮਵਰ ਸੰਗੀਤ ਉਸਤਾਦਾਂ ਦੀ ਰਾਗਬੱਧ ਰਿਕਾਰਡਿੰਗ ਦੀ ਸੰਭਾਲ ਕੀਤੀ ਹੋਈ ਹੈ।ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਸਮੇਂ-ਸਮੇਂ ’ਤੇ ਸਿੱਖ ਪੰਥ ਦੀਆਂ ਨਾਮਵਰ ਸਖਸ਼ੀਅਤਾਂ ਨੂੰ ਕਾਲਜ ਵਿਖੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਂਦੀ ਰਹਿੰਦੀ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਅਤੇ ਤਜ਼ਰਬੇ ’ਚ ਵਾਧਾ ਹੋ ਸਕੇ ਅਤੇ ਉਹ ਸਮੇਂ ਦੀਆਂ ਹਰੇਕ ਬਾਰੀਕ ਕੜੀਆਂ ਤੋਂ ਜਾਣੂ ਰਹਿਣ।ਉਨ੍ਹਾਂ ਕਿਹਾ ਕਿ ਕੌਂਸਲ ਆਪਣੀਆਂ ਮਹਾਨ ਪ੍ਰੰਪਰਾਵਾਂ ਦੀ ਸੰਭਾਲ ਲਈ ਸਦਾ ਕਾਰਜਸ਼ੀਲ ਹੈ।
ਸਰਬਪ੍ਰੀਤ ਸਿੰਘ ਨੇ ਕਿਹਾ ਕਿ ਜਦ ਜਵਾਨੀ ਉਮਰੇ ਯੂ.ਐਸ.ਏ ਗਏ ਤਾਂ ਆਪਣੇ ਸਿੱਖੀ ਸਰੂਪ ਨੂੰ ਬੰਧਨ ਸਮਝਦੇ ਸਨ।ਪਰ ਇਕ ਦਿਨ ਨਾਮਵਰ ਉਸਤਾਦ ਨੂੰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਇਹ ਸੰਗੀਤ ਪ੍ਰੇਮ ਇਸ ਕਦਰ ਵੱਧਦਾ ਗਿਆ ਕਿ ਉਨ੍ਹਾਂ ਨੂੰ ਸਿੱਖੀ ਸਰੂਪ ਉਪਰ ਸਵੈਮਾਣ ਮਹਿਸੂਸ ਹੋਣ ਲੱਗਾ, ਜੋ ਗੁਰਬਾਣੀ ਕੀਰਤਨ ਦੀ ਸ਼ਕਤੀ ਹੈ ।
ਸਿੱਖ ਇਤਿਹਾਸ ਮਾਹਿਰ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਵੀ ਗੁਰਮਤਿ ਸੰਗੀਤ ਦੀ ਮਹਿਮਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰੋ: ਨਵਜੋਤ ਕੌਰ, ਪ੍ਰੋ: ਹਿਰਦੇਪਾਲ ਸਿੰਘ ਪ੍ਰੀਤਲੜੀ, ਅਮਰਜੀਤ ਸਿੰਘ ਰੰਧਾਵਾ, ਡਾ. ਸ਼ਮਸ਼ੇਰ ਸਿੰਘ ਪਨੂੰ, ਡਾ. ਪਰਮਵੀਰ ਕੌਰ ਤੋਂ ਇਲਾਵਾ ਗੁਰਮਤਿ ਸਿੱਖਿਆ ਸੈਂਟਰ, ਸੰਗੀਤ ਵਿਭਾਗ ਦੇ ਵਿਦਿਆਰਥੀ, ਅਧਿਆਪਕ ਆਦਿ ਹਾਜ਼ਰ ਸਨ।
ਸਿੱਖ ਇਤਿਹਾਸ ਖੋਜ਼ ਕੇਂਦਰ ਦੇ ਮੁਖੀ ਡਾ. ਹਰਦੇਵ ਸਿੰਘ ਨੇ ਸਮੂਹ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਬੁਲਾਰੇ ਵਲੋਂ ਸਾਂਝੀ ਕੀਤੀ ਜਾਣਕਾਰੀ ਵਿਦਿਆਰਥੀਆਂ ਲਈ ਮਹੱਤਵਪੂਰਨ ਸਾਬਿਤ ਹੋਵੇਗੀ।
ਇਸ ਮੌਕੇ ਗੁਨਬੀਰ ਸਿੰਘ ਨੇ ਡਾ. ਗੋਗੋਆਣੀ, ਡਾ. ਹਰਦੇਵ ਸਿੰਘ ਨਾਲ ਮਿਲ ਕੇ ਸਰਬਪ੍ਰੀਤ ਸਿੰਘ ਨੂੰ ਸਿਰੋਪਾਓ, ਕਾਲਜ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।

Check Also

ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਮਲਬਾ ਚੁੱਕਣ ਦੀ ਜਲਦ ਚਲਾਈ ਜਾਵੇਗੀ ਮੁਹਿੰਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਵਧੀਕ …