ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਮੀਟ ਮੌਕੇ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਨੇ ਉਤਸ਼ਾਹ ਸਹਿਤ ਭਾਗ ਲਿਆ।
ਇਸ ਪੋ੍ਗਰਾਮ ਦੀ ਸ਼ੁਰੂਆਤ ’ਚ ਪ੍ਰਿੰ: ਡਾ. ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਨੈੱਕ ਏ++ ਗ੍ਰੇਡ ਦਾ ਸਿਹਰਾ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਸਾਬਕਾ ਵਿਦਿਆਰਥੀਆਂ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਕਾਲਜ ਦੀਆਂ ਪ੍ਰਾਪਤੀਆਂ ’ਚ ਜਿੱਥੇ-ਜਿੱਥੇ ਵੀ ਐਲੂਮਨੀ ਦੇ ਸਹਿਯੋਗ ਦੀ ਜ਼ਰੂਰਤ ਪਈ ਹੈ ਤਾਂ ਸਾਰੇ ਹੀ ਐਲੂਮਨੀ ਸਿੱਧੇ ਜਾਂ ਅਸਿੱਧੇ ਰੂਪ ’ਚ ਹਮੇਸ਼ਾਂ ਯੋਗਦਾਨ ਦੇਣ ਲਈ ਤੱਤਪਰ ਹਨ।ਉਨ੍ਹਾਂ ਨੇ ਖਾਲਸਾ ਯੂਨੀਵਰਸਿਟੀ ਦੇ ਵਿਕਾਸ ਲਈ ਸਾਬਕਾ ਵਿਦਿਆਰਥੀਆਂ ਤੋਂ ਅਜਿਹੇ ਸਹਿਯੋਗ ਦੀ ਆਸ ਪ੍ਰਗਟਾਈ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਕੈਂਪਸ ’ਚ ਕਿਸੇ ਵੀ ਤਰ੍ਹਾਂ ਦੇ ਸਿੱਖਿਆ ਅਤੇ ਸਾਹਿਤ ਸਬੰਧੀ ਸੈਮੀਨਾਰ ਜਾਂ ਹੋਰ ਪ੍ਰੋਗਰਾਮ ਕਰਵਾਉਣ ਲਈ ਖੁੱਲਾ ਸੱਦਾ ਦਿੱਤਾ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਜੁਆਇੰਟ ਸਕੱਤਰ ਸੰਤੌਖ ਸਿੰਘ ਸੇਠੀ, ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਮਨਦੀਪ ਕੌਰ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਸੇਵਾ ਮੁਕਤ ਪ੍ਰੋਫੈਸਰ ਡਾ. ਰਕੇਸ਼ ਕਪੂਰ, ਸ.ਸ.ਸ.ਸ ਅਜਨਾਲਾ ਸੀਨੀਅਰ ਲੈਕਚਰਾਰ ਗੁਰਪ੍ਰੀਤ ਸਿੰਘ ਰਿਆੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਪ੍ਰਿੰਸੀਪਲ ਦੀਪ ਇੰਦਰ ਸਿੰਘ ਤੋਂ ਇਲਾਵਾ 50 ਦੇ ਕਰੀਬ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਕਾਲਜ ਵਿਖੇ ਬਿਤਾਏ ਪਲਾਂ ਨੂੰ ਯਾਦ ਕੀਤਾ।ਸਾਬਕਾ ਵਿਦਿਆਰਥੀਆਂ ਨੇ ਆਪਣੇ ਜੀਵਨ ਦੇ ਉਤਾਰ-ਚੜ੍ਹਾਅ ਅਤੇ ਤਜ਼ਰਬਿਆਂ ਨੂੰ ਸਾਂਝਾ ਕਰਦਿਆਂ ਹਾਜ਼ਰ ਵਿਦਿਆਰਥੀਆਂ ਨਾਲ ਗੁਰ ਵੀ ਸਾਂਝੇ ਕੀਤੇ।ਕਾਲਜ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹਾਜ਼ਰੀਨ ਤੋਂ ਵਾਹ-ਵਾਹ ਹਾਸਲ ਕੀਤੀ।
ਡਾ. ਕੁਮਾਰ ਨੇ ਕਿਹਾ ਕਿ ਉਕਤ ਅਲੂਮਨੀ ਮੀਟ ਦਾ ਆਯੋਜਨ ਅਸਿਸਟੈਂਟ ਪ੍ਰੋਫੈਸਰ ਡਾ: ਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ।ਵਾਇਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਦੌਰਾਨ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …