Sunday, December 22, 2024

ਖ਼ਾਲਸਾ ਕਾਲਜ ਵਿਖੇ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ-ਮੇਲੇ ਦਾ ਉਦਘਾਟਨ

ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਦੇ ਯਤਨਾਂ ਨਾਲ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦਾ ਉਦਘਾਟਨ ਸ਼ਾਨੋ-ਸ਼ੌਕਤ ਨਾਲ ਹੋਇਆ।ਸਮਾਗਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ।ਡਾ. ਰੰਧਾਵਾ ਨੇ ਪੌਦੇ ਦੇ ਕੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਇਹ ਮੇਲਾ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿੱਚ ਵੀ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ।ਇਹ ਇੱਕ ਸਾਹਿਤਕ ਮੇਲਾ ਹੈ, ਜਿਸ ਵਿਚ ਹਰ ਵਿਸ਼ੇ ਨਾਲ ਜੁੜੇ ਗਿਆਨ ਨਾਲ ਸਬੰਧਿਤ ਪੁਸਤਕਾਂ ਪਾਠਕਾਂ ਲਈ ਆਕਰਸ਼ਣ ਦਾ ਕਾਰਨ ਬਣਦੀਆਂ ਹਨ।ਮੇਲਾ 1947 ਦੀ ਵੰਡ ਨੂੰ ਸਮਰਪਿਤ ਹੈ, ਜਿਸ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਹੈ।
ਪ੍ਰਸਿੱਧ ਚਿੰਤਕ ਅਤੇ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਨੇ ਆਪਣੇ ਕੁੰਜ਼ੀਵਤ ਭਾਸ਼ਣ ‘ਚ ਤਕਨੀਕੀ ਵਿਕਾਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਦੇ ਬੀਜ਼ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜੇ ਹੋਏ ਹਨ ਆਰਟੀਫ਼ੀਸ਼ਲ ਟਕਨਾਲੋਜੀ ਬਾਰੇ ਉਹਨਾਂ ਕਿਹਾ ਕਿ ਇਸ ਦਾ ਉਦੇਸ਼ ਗਿਆਨ ਵਿੱਚ ਵਾਧਾ ਕਰਨਾ।
ਨਾਮਵਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ੇਦ ਰੂਬਰੂ ਹੁੰਦਿਆਂ ਕਿਹਾ ਕਿ ਸਾਡਾ ਸਭਿਆਚਾਰ ਸ਼ਬਦ ਗੁਰੂ ਦੀ ਧਾਰਨਾ ‘ਤੇ ਟਿਕਿਆ ਹੋਇਆ ਹੈ।ਇਸ ਵਾਰ ਦਾ ਇਹ ਪੁਸਤਕ ਮੇਲਾ ਨੌਜਵਾਨ ਪੀੜ੍ਹੀ ਦੇ ਰੁਝਾਨ ਨੂੰ ਸੁਚਾਰੂ ਪਾਸੇ ਲਗਾਉਣ ਵਿੱਚ ਸਹਾਈ ਹੋਵੇਗਾ।
ਪੰਜਾਬ ਕਲਾ ਪਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਪੁਸਤਕਾਂ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ।
ਡਾ. ਮਹਿਲ ਸਿੰਘ ਵਾਈਸ ਚਾਂਸਲਰ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਹਾ ਕਿ ਮਨੁੱਖ ਨੂੰ ਆਪਣੀ ਸ਼ਖ਼ਸੀਅਤ ਅਤੇ ਜੀਵਨ ਸ਼ੈਲੀ ਨੂੰ ਨਿਖਾਰਨ ਲਈ ਕਿਤਾਬੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ।ਮੇਲੇ ਵਿੱਚ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਗੁਰਦੀਪ ਧੀਮਾਨ ਅਤੇ ਉਪ ਪ੍ਰਧਾਨ ਸੁਮੀਤ ਦੁਆ ਵਲੋਂ ਵਿਰਾਸਤੀ ਅਤੇ ਕਲਾਤਮਕ ਪਫਦਰਸ਼ਨੀਆਂ ਦਾ ਉਦਘਾਟਨ ਕੀਤਾ ਗਿਆ।ਆਰੀਆ ਬੱਬਰ, ਹਰਦੀਪ ਗਿੱਲ, ਅਨੀਤਾ ਦੇਵਗਨ ਆਪਣੀ ਆਉਣ ਵਾਲੀ ਫਿਲਮ ‘ਹਾਏ ਸੀਰੀ ਵੇ ਸੀਰੀ’ ਫਿਲਮ ਦੀ ਪ੍ਰਮੋਸ਼ਨ ਲਈ ਦਰਸ਼ਕਾਂ ਨਾਲ ਰੂਬਰੂ ਹੋਏ।
ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ‘ਸੁਖਨ ਦੇ ਸੂਰਜ’ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਪੰਜਾਬੀ ਕਵੀਆਂ ਡਾ. ਕੁਲਜੀਤ ਸਿੰਘ ਜੰਜ਼ੂਆ (ਕਨੇਡਾ), ਪਰਮਿੰਦਰ ਸੋਢੀ (ਜਾਪਾਨ), ਸੁਰਿੰਦਰ ਗੀਤ (ਕਨੇਡਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਵਿਜੇ ਵਿਵੇਕ, ਅੰਬਰੀਸ਼, ਨੀਤੂ ਅਰੋੜਾ, ਹਰਮੀਤ ਵਿਦਿਆਰਥੀ, ਜਗਦੀਪ ਸਿੱਧੂ, ਵਿਸ਼ਾਲ, ਰਵਿੰਦਰ ਰਵੀ, ਪ੍ਰਭਜੀਤ ਸੋਹੀ, ਸੇਵਾ ਸਿੰਘ ਭਾਸ਼ੋ, ਬਲਵਿੰਦਰ ਚਹਿਲ, ਜਸਪ੍ਰੀਤ ਲੁਧਿਆਣਾ, ਤਰਸੇਮ, ਰੂਪ ਕੌਰ ਕੂੰਨਰ, ਹਰਪ੍ਰੀਤ ਕੌਰ ਸੰਧੂ ਤੇ ਕੁਲਜੀਤ ਕੌਰ ਮੰਡ ਨੇ ਆਪਣੀ ਸ਼ਾਇਰੀ ਦਾ ਕਲਾਮ ਪੇਸ਼ ਕੀਤਾ।ਸ਼ਾਮ ਦੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੇ ਆਪੋ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …