Sunday, December 22, 2024

ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਪੰਥਕ ਜਾਹੋ-ਜਲਾਲ ਨਾਲ ਮਨਾਈ

ਸਿੱਖ ਮਾਤਾਵਾਂ ਨੂੰ ਮਾਤਾ ਗੁਜਰੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ’ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਤ ਮਾਤਾ ਗੁਜਰ ਕੌਰ ਜੀ ਦੇ 400 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਦੇ ਸਮਾਗਮ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਪੰਥਕ ਜਾਹੋ-ਜਲਾਲ ਨਾਲ ਸੰਪੂਰਨ ਹੋਏ।ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸ਼ਤਾਬਦੀ ਦੇ ਮੁੱਖ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਸਮੇਤ ਪ੍ਰਮੁੱਖ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਅਤੇ ਕੁਰਬਾਨੀ ਦੀ ਸੇਧ `ਚ ਸਿੱਖ ਜਗਤ ਨੂੰ ਆਦਰਸ਼ਕ ਜੀਵਨ ਜਾਚ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ। ਬੁਲਾਰਿਆਂ ਨੇ ਵਿਸ਼ੇਸ਼ ਕਰਕੇ ਸਿੱਖ ਮਾਵਾਂ ਨੂੰ ਮਾਤਾ ਗੁਜਰ ਕੌਰ ਜੀ ਦੇ ਅਦੁੱਤੀ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਦੀ ਸੰਸਾਰੀ ਅਤੇ ਆਤਮਿਕ ਪਰਵਰਿਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਮਾਤਾ ਗੁਜਰ ਕੌਰ ਜੀ ਉਹ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਨਿਖਾਰਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਉਮਰੇ ਆਪਣੇ ਅਕੀਦੇ ਉੱਪਰ ਕਾਇਮ ਰਹਿੰਦਿਆਂ ਵੱਡੀ ਸ਼ਹਾਦਤ ਦੇਣ ਲਈ ਦ੍ਰਿੜ੍ਹ ਕੀਤਾ।ਉਨ੍ਹਾਂ ਕਿਹਾ ਕਿ ਅੱਜ ਸੰਸਾਰ ਧਰਮ ਨਿਰਪੇਖਤਾ ਤੇ ਜਮਹੂਰੀਅਤ ਦੀ ਗੱਲ ਕਰਦਾ ਹੈ, ਪਰ ਮਾਤਾ ਗੁਜਰੀ ਜੀ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸੇ ਦੀ ਸਾਜਨਾ ਕਰਕੇ ਵਿਸ਼ਵ ਦਾ ਅਦੁੱਤੀ ਇੰਕਲਾਬ ਲਿਆਂਦਾ, ਜਿਸ ਵਿੱਚ ਮਨੁੱਖੀ ਬਰਾਬਰੀ, ਭਰਾਤਰੀ ਭਾਵ ਅਤੇ ਜਮਹੂਰੀਅਤ ਦੀ ਸਿਖ਼ਰ ਦਾ ਪ੍ਰਗਟਾਵਾ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਸਿੱਖ ਕੌਮ ਮਾਤਾ ਗੁਜਰ ਕੌਰ ਜੀ ਦੇ ਜੀਵਨ ਆਦਰਸ਼ਾਂ ਅਨੁਸਾਰ ਤਰਜ਼ੀਹਾਂ ਨਿਰਧਾਰਤ ਕਰੇ।ਉਨ੍ਹਾਂ ਸੋਸ਼ਲ ਮੀਡੀਆ ’ਤੇ ਸਿੱਖ ਵਿਰੋਧੀ ਵਰਤਾਰੇ ਦੀ ਵੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਪੰਥ ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਨੂੰ ਰਲਗੱਡ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕੌਮ ਨੂੰ ਅਜਿਹੇ ਹਮਲਿਆਂ ਤੋਂ ਸੁਚੇਤ ਹੋਣ ਲਈ ਕਿਹਾ।
ਇਸੇ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਮਾਤਾ ਗੁਜਰ ਕੌਰ ਸਬਰ, ਸਿਦਕ, ਸਹਿਣਸ਼ੀਲਤਾ ਦਾ ਮਹਾਨ ਸੋਮਾ ਅਤੇ ਵਿਸ਼ਾਲ ਜਿਗਰੇ ਵਾਲੇ ਸਨ, ਜਿਨ੍ਹਾਂ ਦੀ ਕੁਖੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ਮਾਨ ਹੋਏ।ਉਨ੍ਹਾਂ ਆਖਿਆ ਕਿ ਇਹ ਆਦਰਸ਼ਕ ਸ਼ਖ਼ਸੀਅਤ ਹਰ ਮਾਂ ਲਈ ਪ੍ਰੇਰਣਾ ਸਰੋਤ ਬਣਨੀ ਚਾਹੀਦੀ ਹੈ।ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦਿਆਂ ਕਿਹਾ ਕਿ ਇਹ ਇੱਕ ਇਮਾਰਤ ਨਹੀਂ, ਸਗੋਂ ਇੱਕ ਸਿਧਾਂਤ ਹੈ।ਇਮਾਰਤ ਨੂੰ ਤਾਂ ਢਾਹਿਆ ਜਾ ਸਕਦਾ ਹੈ, ਲੇਕਿਨ ਸਿਧਾਂਤ ਅਤੇ ਸੰਕਲਪ ਮੇਟੇ ਨਹੀਂ ਜਾ ਸਕਦੇ।
ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਤੇਜਾ ਸਿੰਘ ਖੁਡਾ ਕੁਰਾਲਾ, ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਅਤੇ ਗਿਆਨੀ ਭਗਵਾਨ ਸਿੰਘ ਜੌਹਲ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਸਮਾਗਮ ਦੌਰਾਨ ਕਵੀਸ਼ਰ ਗਿਆਨੀ ਗੁਰਮੁੱਖ ਐਮ.ਏ ਦੀ ਪੁਸਤਕ ਵੀ ਰੀਲੀਜ਼ ਕੀਤੀ ਗਈ ਅਤੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ।ਵਿਸ਼ੇਸ਼ ਕਰਕੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਬੀਬੀਆਂ ਨੂੰ ਵੀ ਸਨਮਾਨ ਦਿੱਤੇ ਗਏ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਪੰਥ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਗੁਰ-ਇਤਿਹਾਸ ਨਾਲ ਜੋੜਿਆ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤਿੰਗ ਮੈਂਬਰ ਸ ਅਮਰੀਕ ਸਿੰਘ ਵਿਛੋਆ, ਸ ਪਰਮਜੀਤ ਸਿੰਘ ਰਾਏਪੁਰ, ਮੈਂਬਰ ਰਣਜੀਤ ਸਿੰਘ ਕਾਹਲੋਂ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਬੀਬੀ ਗੁਰਮੀਤ ਕੌਰ ਭਟਨੂਰਾ, ਭਾਈ ਰਾਮ ਸਿੰਘ, ਬਲਜੀਤ ਸਿੰਘ ਜਲਾਲਉਸਮਾ, ਜਰਨੈਲ ਸਿੰਘ ਡੋਗਰਾਂਵਾਲਾ, ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਮੰਗਲੀ, ਅਮਰੀਕ ਸਿੰਘ ਸ਼ਾਹਪੁਰ, ਕੁਲਬੀਰ ਸਿੰਘ, ਬੀਬੀ ਦਵਿੰਦਰ ਕੌਰ ਕਾਲੜਾ, ਬੀਬੀ ਨਰਿੰਦਰ ਕੌਰ, ਬੀਬੀ ਸਵਰਨ ਕੌਰ ਤੇੜਾ, ਬੀਬੀ ਰਾਜਿੰਦਰ ਕੌਰ, ਸਾਬਕਾ ਮੈਂਬਰ ਸਰੂਪ ਸਿੰਘ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਜੀਤ ਸਿੰਘ ਜੋਹਲਾਂਵਾਲੇ, ਸੁਆਮੀ ਜੀ ਹੁਸ਼ਿਆਰਪੁਰ ਵਾਲੇ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ, ਬਾਬਾ ਗੁਰਮੇਜ ਸਿੰਘ ਬਿਲੀਵੜੈਚ, ਬਾਬਾ ਬਲਬੀਰ ਸਿੰਘ ਹਰਚੋਵਾਲ, ਬਾਬਾ ਬਲਵਿੰਦਰ ਸਿੰਘ ਤਿੰਮੋਵਾਲ, ਬਾਬਾ ਗੁਰਦੇਵ ਸਿੰਘ ਤਰਸਿੱਕਾ, ਮਨਿੰਦਰਪਾਲ ਸਿੰਘ ਗੁੰਬਰ, ਰਣਜੀਤ ਸਿੰਘ ਰਾਣਾ, ਬਾਬਾ ਕਰਨੈਲ ਸਿੰਘ, ਬਾਬਾ ਹੀਰਾ ਸਿੰਘ ਸਰਹਾਲੀ, ਬਾਬਾ ਲਾਲ ਸਿੰਘ ਰਾੜਾ ਸਾਹਿਬ, ਡਾ ਧਰਮਵੀਰ ਸਿੰਘ, ਬਾਬਾ ਬਲਦੇਵ ਸਿੰਘ ਤਰਨਾ ਦਲ, ਬਾਬਾ ਸ਼ਮਸ਼ੇਰ ਸਿੰਘ, ਬਲਦੇਵ ਸਿੰਘ ਵਧਾਇਕ, ਬਾਬਾ ਪ੍ਰਿਤਪਾਲ ਸਿੰਘ, ਸਤਨਾਮ ਸਿੰਘ ਨੀਲਾ ਮਹਿਲ, ਸੇਵਾ ਸਿੰਘ ਸ਼ਹਿਰੀ ਪ੍ਰਧਾਨ, ਬੀਬੀ ਮਨਜਿੰਦਰ ਕੌਰ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਪ੍ਰਚਾਰਕ ਭਾਈ ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …