Thursday, January 23, 2025

ਦੂਜੇ ਦਿਨ 47 ਦੀ ਵੰਡ ਦੇ ਜ਼ਖ਼ਮ ਹਰੇ ਕਰ ਗਿਆ ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਤੇ ਪੁਸਤਕ ਮੇਲਾ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 9ਵੇਂ ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲਾ ਦੇ ਦੂਜੇ ਦਿਨ ਦਾ ਆਗ਼ਾਜ਼ ਇੰਡੀਅਨ ਕੌਸਲ ਆਫ਼ ਸੋਸ਼ਲ ਸਾਇੰਸਜ਼ ਦੁਆਰਾ ਸਪੌਂਸਰਡ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਉਦਘਾਟਨ ਸਮਾਰੋਹ ਨਾਲ ਹੋਇਆ।ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਸੈਮੀਨਾਰ ਦੇ ਵਿਸ਼ੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਸੰਤਾਲੀ ਦੀ ਪੰਜਾਬ ਵੰਡ ਨੂੰ ਮੁੜ ਵਿਚਾਰਨ ਨਾਲ ਸਬੰਧਿਤ ਹੈ।ਇਸ ਵੰਡ ਦੇ ਪਿਛੋਕੜ ਵਿਚ ਵਾਪਰੀਆਂ ਘਟਨਾਵਾਂ ਪਿੱਛੇ ਕਾਰਜਸ਼ੀਲ ਪੱਖਾਂ ਨੂੰ ਉਘਾੜਨਾ ਅਤੇ ਉਹਨਾਂ ਪ੍ਰਤੀ ਚਿੰਤਨ ਕਰਨਾ ਇਸ ਸੈਮੀਨਾਰ ਦਾ ਮੁੱਖ ਉਦੇਸ਼ ਹੈ।ਡਾ. ਤਮਿੰਦਰ ਸਿੰਘ ਭਾਟੀਆ, ਕਾਰਜ਼ਕਾਰੀ ਪ੍ਰਿੰਸੀਪਲ ਖ਼ਾਲਸਾ ਕਾਲਜ ਅੰਮਿ੍ਰਤਸਰ ਨੇ ਵੰਡ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਇੱਕ ਨਾ ਭੁਲਣਯੋਗ ਵਰਤਾਰਾ ਹੈ।ਸੈਮੀਨਾਰ ਰਾਹੀਂ ਵੰਡ ਦੇ ਕਾਰਨਾਂ ਅਤੇ ਪ੍ਰਭਾਵਾਂ ਤੋਂ ਜਾਣੂ ਹੋਣਾ ਹੈ। ਉਹਨਾਂ ਨੇ ਆਏ ਹੋਏ ਪ੍ਰਮੁੱਖ ਚਿੰਤਕਾਂ ਅਤੇ ਵਿਦਵਾਨਾਂ ਨੂੰ ‘ਜੀ ਆਇਆ’ ਕਹਿੰਦਿਆਂ ਉਹਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸੁਆਗਤ ਕੀਤਾ।
ਡਾ. ਸੁਖਦੇਵ ਸਿੰਘ ਸੋਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਨੇ ਆਪਣਾ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸੈਮੀਨਾਰ ਦਾ ਵਿਸ਼ਾ 77 ਸਾਲਾਂ ਬਾਅਦ ਸੰਤਾਲੀ ਦੀ ਵੰਡ ਦੀ ਹੋਣੀ ਨੂੰ ਵਿਚਾਰਦਿਆਂ ਇਸਦੇ ਕਾਰਨਾਂ ਦੀ ਘੋਖ ਕਰਨਾ ਹੈ।1947 ਦੀ ਵੰਡ ਇਤਿਹਾਸ ਵਿੱਚ ਇੱਕ ਬੇਹੱਦ ਦੁਖਦਾਇਕ ਘਟਨਾ ਸੀ।ਮਾਝੇ ਦਾ ਇਲਾਕਾ ਇਸ ਵੰਡ ਦੀ ਮਾਰ ਤੋਂ ਵਧੇਰੇ ਪ੍ਰਭਾਵਿਤ ਹੋਇਆ।ਇਸ ਵੰਡ ਸਮੇਂ ਪੰਜ ਲੱਖ ਤੋਂ ਇੱਕ ਕਰੋੜ ਲੋਕ ਘਰੋਂ ਬੇਘਰ ਹੋ ਗਏ।ਕਤਲੋਗਾਰਤ ਵਿੱਚ ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ।ਵੰਡ ਦੇ ਪ੍ਰਭਾਵ ਨਾਲ ਭਾਰਤੀ ਪੰਜਾਬ ਦੀ ਕਿਸਾਨੀ ਵਿਵਸਥਾ ਨੂੰ ਭਾਰੀ ਢਾਹ ਲੱਗੀ ਹੈ।
ਡਾ. ਕੁਲਵੀਰ ਗੋਜਰਾ ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਦਿੱਲੀ ਨੇ ਕਿਹਾ ਕਿ ਸੰਤਾਲੀ ਦੀ ਵੰਡ ਦੇ ਪ੍ਰਭਾਵ ਤੋਂ ਅਸੀਂ ਅਜੇ ਤੱਕ ਮੁਕਤ ਨਹੀਂ ਹੋਏ।ਧਾਰਮਿਕ ਵਖਰੇਵਾ, ਜਾਤ-ਪਾਤ, ਊਚ-ਨੀਚ ਜੋ ਵੰਡ ਦੇ ਕਾਰਨਾਂ ਦੇ ਪ੍ਰਮੁੱਖ ਆਧਾਰ ਸਨ, ਅਜੋਕੇ ਸਮਾਜ ਵਿੱਚ ਵੀ ਜਿਵੇਂ ਦੇ ਤਿਵੇਂ ਹਨ।ਡਾ. ਰਜਿੰਦਰਪਾਲ ਸਿੰਘ ਬਰਾੜ ਸਾਬਕਾ ਪ੍ਰੋਫ਼ੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਵਿਕਸਿਤ ਕਰਨ ਦੇ ਪਿੱਛੇ ਕਾਰਜਸ਼ੀਲ ਨੀਤੀਆਂ ਲਈ ਇੱਕ ਕਾਰਨ ਤਾਂ ਅਨਾਜ ਦਾ ਉਤਪਾਦਨ ਸੀ ਅਤੇ ਦੂਸਰਾ ਇਥੋਂ ਦੀ ਨੌਜੁਆਨੀ ਨੂੰ ਵਰਤਣਾ ਸੀ ਅਤੇ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਵੀ ਕੇਂਦਰੀ ਸਰਕਾਰ ਨੇ ਪੰਜਾਬ ਲਈ ਇਹੀ ਨੀਤੀ ਅਪਣਾਈ ਹੋਈ ਹੈ।
ਪ੍ਰਸਿੱਧ ਪੰਜਾਬੀ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸੰਤਾਲੀ, ਛਿਆਠ ਅਤੇ ਚੁਰਾਸੀ ਦੇ ਦੁਖਾਂਤ ਦੀਆਂ ਕੜੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ।ਫ਼ਿਰਕੂ ਸਿਆਸਤ ਅਤੇ ਜ਼ਮਹੂਰੀਅਤ ਇਕ-ਦੂਜੇ ਨਾਲ ਜੁੜੇ ਹੋਏ ਅਜਿਹੇ ਪਹਿਲੂ ਹਨ, ਜੋ ਵੰਡ ਦੇ ਕਾਰਨਾਂ ਦੇ ਆਧਾਰ ਹਨ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਗੁਰਮੁਖ ਸਿੰਘ, ਪ੍ਰੋਫ਼ੈਸਰ ਅਤੇ ਮੁਖੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਰੀ ਵਿਚਾਰ ਚਰਚਾ ਨੂ ਸਮੇਟਦਿਆਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਜੋਕੀ ਪੀੜ੍ਹੀ ਨੂੰ ਵੰਡ ਦੇ ਕਾਰਨਾਂ ਤੋਂ ਜਾਣੂ ਕਰਵਾਇਆ ਜਾਵੇ।
ਇਸ ਉਪਰੰਤ ਮਨੁੱਖਤਾ ਦੀ ਸੇਵਾ ਅਧੀਨ ਮੇਲੇ ਵਿੱਚ ਡਾ. ਕੁਲਵੰਤ ਸਿੰਘ ਧਾਲੀਵਾਲ (ਯੂ.ਕੇ) ਚੇਅਰਮੈਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਲਗਾਏ ਗਏ ਫ੍ਰੀ ਕੈਂਸਰ ਚੈਕਅਪ ਕੈਂਪ ਦੇ ਉਦਘਾਟਨ ਦੌਰਾਨ ਕਿਹਾ ਕਿ ਵਾਤਾਵਰਨ ਬਾਰੇ ਗੁਰੂ ਸਾਹਿਬ ਦੇ ਦਿੱਤੇ ਵਿਚਾਰਾਂ ਨੂੰ ਕੇਵਲ ਯਾਦ ਕਰਨ ਨਾਲ ਹੀ ਸਾਡਾ ਭਲਾ ਨਹੀਂ ਹੋਣਾ, ਬਲਕਿ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਵੀ ਲੋੜ ਹੈ।ਉਹਨਾਂ ਨੇ ਕਿਹਾ ਕਿ ਸਰੀਰਕ ਕੈਂਸਰ ਨਾਲੋਂ ਸਮਾਜਿਕ ਕੈਂਸਰ ਜਿਆਦਾ ਖਤਰਨਾਕ ਹੈ ਜੋ ਸਟਰੈਸ ਕਾਰਨ ਹੁੰਦਾ ਹੈ।
ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰੈਡ ਰਿਬਨ ਅਤੇ ਜੈਂਡਰ ਚੈਪੀਅਨਜ਼ ਕਲੱਬਾਂ ਵਲੋਂ ਵਾਤਾਵਰਨ ਸੁਰੱਖਿਆ ਸਬੰਧੀ ਕਰਵਾਏ ਗਏ ਪੋਸਟਰ ਮੈਕਿੰਗ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਮੈਡਲ ਦੇ ਕੇ ਡਾ. ਕਲਵੰਤ ਸਿੰਘ ਧਾਲੀਵਾਲ ਨੇ ਸਨਮਾਨਿਤ ਕੀਤਾ।

ਮੇਲੇ ਵਿੱਚ ਜਸਬੀਰ ਮੰਡ ਰਚਿਤ ਨਾਵਲ ’84 ਲੱਖ ਯਾਦਾਂ’, ਡਾ. ਗੁਰਦੀਪ ਸਿੰਘ ਢਿੱਲੋਂ ਦੀ ਪੁਸਤਕ ‘ਇਹ ਦੇਸ਼ ਪੰਜਾਬ ਦੀ ਸਮਝ ਨਾਹੀਂ’, ਰਾਮਾਨੰਦ ਸਾਗਰ ਦੀ ਜਸਪਾਲ ਘਈ ਦੁਆਰਾ ਅਨੁਵਾਦਿਤ ਪੁਸਤਕ ‘ਤੇ ਇਨਸਾਨ ਮਰ ਗਿਆ’ ਅਤੇ ਅਮਰਜੀਤ ਸਿੰਘ ਗਰੇਵਾਲ ਦੀ ਪੁਸਤਕ ‘ਦ ਕ੍ਰੀਏਟਿਵ ਅਪ੍ਰਾਈਜਿੰਗ’ ਅਤੇ 2024 ਦੀ ਢਾਹਾਂ ਇਨਾਮ ਜੇਤੂ ਜਿੰਦਰ ਦੀ ਪੁਸਤਕ ‘ਸੇਫ਼ਟੀ ਕਿੱਟ’ ਰਲੀਜ਼ ਕੀਤੀਆਂ ਗਈਆਂ।
ਦੁਪਹਿਰ ਬਾਅਦ ਸੰਗੀਤ ਵਿਭਾਗ ਦੁਆਰਾ ‘ਲੋਕ ਸਾਜ਼ਾਂ ਵਿਚ ਧੜਕਦਾ ਪੰਜਾਬ’ ਪ੍ਰੋਗਰਾਮ ਦੌਰਾਨ ਪੰਜਾਬ ਦੇ ਲੋਕ ਸਾਜ਼ਾਂ ਨਾਲ ਸੰਗੀਤ ਦੇ ਰੰਗ ਬਿਖੇਰੇ ਗਏ ਸ਼ਾਮ ਦੇ ਸਮੇਂ ਲੋਕ ਅਤੇ ਸਾਹਿਤਕ ਗਾਇਕੀ ਦੇ ਨਾਮਵਰ ਗਾਇਕ ਦਵਿੰਦਰ ਪੰਡਿਤ ਦੁਆਰਾ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ।ਮੇਲੇ ਦੇ ਦੂਸਰੇ ਦਿਨ ਦਾ ਸਿਖਰ ਸ਼ੇਰ-ਏ-ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਬਟਾਲਾ ਵਲੋਂ ਪ੍ਰੋ. ਬਲਬੀਰ ਸਿੰਘ ਕੋਹਲਾ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਬਾਬਿਆਂ ਦਾ ਭੰਗੜੇ ਸੀ।

 

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …