Wednesday, January 15, 2025

ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਤੇ ਹੋਰਨਾਂ ਨੂੰ ਲਗਾਈ ਧਾਰਮਿਕ ਸਜਾ

ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫੱਖਰ-ਏ-ਕੌਮ ਸਨਮਾਨ ਵਾਪਸ ਲੈਣ ਦੇ ਆਦੇਸ਼

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਲਏ ਗਏ ਸਖਤ ਅਤੇ ਇਤਿਹਾਸਕ ਫੈਸਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਤਨਖਾਹ ਲਗਾਈ ਗਈ।ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫੱਖਰ-ਏ-ਕੌਮ ਸਨਮਾਨ ਵੀ ਵਾਪਸ ਲੈਣ ਦੇ ਆਦੇਸ਼ ਦਿੱਤੇ ਗਏ ਅਤੇ ਤਤਕਾਲੀ ਜਥੇਦਾਰਾਂ ਵਿੱਚੋਂ ਦੋ ਜਥੇਦਾਰਾਂ ਦੇ ਖਿਲਾਫ ਵੀ ਸੱਖਤ ਫੈਸਲੇ ਲੈਂਦਿਆਂ ਸਿੰਘ ਸਾਹਿਬਾਨਾਂ ਖਿਲਾਫ ਮੰਦੀ ਬਿਆਨਬਾਜ਼ੀ ਕੀਤੇ ਜਾਣ ਕਾਰਨ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਈਆ ਐਲਾਨਿਆ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦੋ ਗ੍ਰੰਥੀ ਸਿੰਘ ਸਾਹਿਬ ਸ਼ਾਮਲ ਹੋਏ।ਸਿੰਘ ਸਾਹਿਬਾਨ ਦੀ ਵਿਚਾਰ ਚਰਚਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਨਖਹੀਆਂ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਕੀਤੇ ਗਏ ਉਨ੍ਹਾਂ ਦਾ ਜਵਾਬ ਦਿੰਦਆਂ ਨੇ ਉਸ ਨੇ ਕੀਤੇ ਹੋਏ ਗੁਨਾਹਾਂ ਨੂੰ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ।ਉਨ੍ਹਾਂ ਦੇ ਸਾਥੀਆਂ ਸੁਖਦੇਵ ਸਿੰਘ ਢੀਂਢਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣੀਕੇ ਨੂੰ ਧਾਰਮਿਕ ਮਰਿਆਦਾ ਅਨੁਸਾਰ ਤਨਖਾਹ ਲਗਾਈ ਗਈ।ਜਥੇਦਾਰ ਨੇ ਕਿਹਾ ਕਿ ਤਨਖਾਈਆ ਇਹ ਸਾਰੇ 3 ਦਸੰਬਰ 2024 ਤੋਂ ਗੁਰਦੁਆਰਾ ਸਾਹਿਬ ਵਿੱਚ ਬਣੇ ਬਾਥਰੂਮ 12 ਵਜੇ ਤੋਂ 1 ਵਜੇ ਤੱਕ ਇੱਕ ਘੰਟਾ ਸਾਫ ਕਰਨਗੇ ਅਤੇ ਮੇਨੈਜਰ ਸ੍ਰੀ ਦਰਬਾਰ ਸਾਹਿਬ ਇਨ੍ਹਾਂ ਦੀ ਹਾਜਰੀ ਰੱਖੇਗਾ।ਇਸ ਉਪਰੰਤ ਉਹ ਇਸ਼ਨਾਨ ਕਰਕੇ ਇੱਕ ਘੰਟਾ ਲੰਗਰ ਵਿੱਚ ਭਾਂਡੇ ਮਾਂਜਣਗੇ, ਇੱਕ ਘੰਟਾ ਕੀਰਤਨ ਸੁਣਨਗੇ ਅਤੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਗੇ।ਇੱਕ ਵਿਸ਼ੇਸ਼ ਸਜਾ ਸੁਣਾਉਂਦੇ ਹੋਏ ਕਿਹਾ ਕਿ ਇਹ ਤਖਤੀਆਂ ਗੱਲ ਵਿੱਚ ਪਾ ਕੇ ਘੰਟਾ ਘਰ ਦੇ ਬਾਹਰ ਵਾਰ ਦੋ ਦਿਨ ਇੱਕ ਇੱਕ ਘੰਟਾ ਪਹਿਰੇਦਾਰ ਵਾਲਾ ਚੋਲਾ ਪਾ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਸੇਵਾ ਕਰਨਗੇ।ਸੁਖਬੀਰ ਸਿੰਘ ਬਾਦਲ ਦੇ ਸੱਟ ਲੱਗਣ ਅਤੇ ਸੁਖਦੇਵ ਸਿੰਘ ਢੀਂਢਸਾ ਬਜੁਰਗ ਹੋਣ ਕਾਰਨ ਵਹੀਲ ਚੇਅਰ ‘ਤੇ ਬੈਠ ਕੇ ਸੇਵਾ ਕਰਨਗੇ।ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਕੇਸਗੜ੍ਹ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਗੁ. ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੋ ਦੋ ਦਿਨ ਲੱਗੀ ਧਾਰਮਿਕ ਸਜ਼ਾ ਪੂਰੀ ਕਰਨਗੇ।
ਸਿੰਘ ਸਾਹਿਬ ਨੇ ਸ਼੍ਰੌਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਸਭ ਦੇ ਦਿੱਤੇ ਅਸਤੀਫੇ ਤਿੰਨ ਦਿਨ ਦੇ ਅੰਦਰ ਸਵੀਕਾਰ ਕੀਤੇ ਜਾਣ, ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ, ਪੁਰਾਣੇ ਡੇਲੀਗੇਟਾਂ ਦੇ ਨਾਲ ਨਵੇੁਂ ਡੈਲੀਗੇਟ ਬਣਾਉਣ ਅਤੇ 6 ਮਹੀਨੇ ਦੇ ਅੰਦਰ ਨਵੇਂ ਪ੍ਰਧਾਨ ਦੀ ਚੋਣ ਸੰਵੀਧਾਨ ਅਨੁਸਾਰ ਕੀਤੀ ਜਾਵੇ।ਸਿੰਘ ਸਾਹਿਬ ਨੇ ਬਾਗੀ ਅਤੇ ਦਾਗੀ ਧੜਿਆਂ ਨੂੰ ਆਦੇਸ਼ ਕੀਤਾ ਕਿ ਉਹ ਸ਼੍ਰੌਮਣੀ ਅਕਾਲੀ ਦਲ ਦੀ ਮਜਬੂਤੀ ਲਈ ਕਾਰਜ਼ ਕਰਨ।ਸਿੰਘ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਰਿਹਾਇਸ਼ ‘ਤੇ ਸਿੰਘ ਸਾਹਿਬਾਨ ਨੂੰ ਬੁਲਾ ਕੇ ਸਿਰਸੇ ਵਾਲੇ ਸਾਧ ਨੂੰ ਮੁਆਫੀ ਦੁਆਉਣ ਦਾ ਗੁਨਾਹ ਵੀ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ।ਉਸ ਸਮੇਂ ਹਾਜ਼ਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖਰ-ਏ-ਕੌਮ ਸਨਮਾਨ ਵਾਪਸ ਲੈਣ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕਹਿਣ ‘ਤੇ ਸਿਰਸੇ ਵਾਲੇ ਨੂੰ ਮੁਆਫੀ ਦੇਣ ਵਾਲੇ ਸਾਬਕਾ ਜਥੇਦਾਰਾਂ ਦੇ ਸਪੱਸ਼ਟੀਕਰਨ ਤਸੱਲੀਬੱਖਸ਼ ਨਹੀਂ ਹਨ।ਉਨ੍ਹਾਂ ਸ਼੍ਰੌਮਣੀ ਕਮੇਟੀ ਨੂੰ ਆਦੇਸ਼ ਕੀਤਾ ਕਿ ਗਿ. ਗੁਰਬਚਨ ਸਿੰਘ ਨੂੰ ਦਿੱਤੀਆਂ ਸਹੂਲਤਾਂ ਕੱਲ 12 ਵਜੇ ਤਕ ਵਾਪਸ ਲਈਆਂ ਜਾਣ ਅਤੇ ਗਿ. ਗੁਰਮੁੱਖ ਸਿੰਘ ਜੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੈਡ ਗ੍ਰੰਥੀ ਲਗਾਏ ਹੋਏ ਨੇ ਉਨ੍ਹਾਂ ਦੀ ਤਬਦੀਲੀ ਅੰਮ੍ਰਿਤਸਰ ਤੋਂ ਬਾਹਰ ਕੀਤੀ ਜਾਵੇ।ਜਿੰਨਾ ਚਿਰ ਉਹ ਹਾਜ਼ਰ ਹੋ ਕੇ ਪੰਥ ਪਾਸੋਂ ਮੁਆਫੀ ਨਹੀਂ ਮੰਗ ਲੈਂਦੇ ਅਤੇ ਉਨ੍ਹਾਂ ਉਪਰ ਜਨਤਕ ਥਾਵਾਂ ‘ਤੇ ਬੋਲਣ ਦੀ ਪਾਬੰਦੀ ਲਗਾਈ ਜਾਂਦੀ ਹੈ।ਸੋਧਾ ਸਾਧ ਨੂੰ ਮੁਆਫੀ ਦੇਣ ਸਬੰਧੀ ਜੋ ਸ਼੍ਰੋਮਣੀ ਕਮੇਟੀ ਵਲੋਂ 90 ਲੱਖ ਦੇ ਜੋ ਇਸ਼ਤਿਹਾਰ ਦਿੱਤੇ ਗਏ ਸਨ, ਉਨ੍ਹਾਂ ਦੀ ਭਰਪਾਈ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਢਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਦਲਜੀਤ ਸਿੰਘ, ਗੁਲਜਾਰ ਸਿੰਘ ਰਣੀਕੇ ਅਤੇ ਸੁਖਜਿੰਦਰ ਸਿੰਘ ਭੂੰਦੜ ਤੋਂ ਕਰਕੇ ਸ਼੍ਰੋਮਣੀ ਕਮੇਟੀ ਦੀ ਅਕਾਉਂਟ ਬ੍ਰਾਂਚ ਵਿੱਚ ਅਦਾ ਕੀਤੀ ਜਾਵੇ।ਉਨ੍ਹਾਂ ਦਿੱਲੀ ਗੁ. ਮੈਨੈਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਸਿੰਘ ਸਾਹਿਬ ਵਲੋਂ ਤਨਖਾਈਆਾਂ ਐਲਾਨਿਆ ਗਿਆ।ਵਿਰਸਾ ਸਿੰਘ ਵਲਟੋਹਾ ਬਾਰੇ ਉਨ੍ਹਾਂ ਕਿਹਾ ਕਿ ਅਗਰ ਉਹ ਜਥੇਦਾਰਾਂ ਖਿਲ਼ਾਫ ਬੋਲਦੇ ਹਨ ਤਾਂ ਉਸ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀਆਂ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਲੋਹੜੀ ਦਾ ਤਿਉਹਾਰ

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ …