ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਭਾਰਤੀ ਰੈਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜ ਰੋਜ਼ਾ ਅੰਤਰ-ਰਾਜੀ ਜੂਨੀਅਰ ਰੈਡ ਕਰਾਸ ਸਿਖਲਾਈ-ਕਮ-ਅਧਿਐਨ ਕੈਂਪ ਦੀਆਂ ਗਤੀਵਿਧੀਆਂ ਦੀ ਲੜੀ ਦੇ ਹਿੱਸੇ ਵਜੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ ਦੇ ਸਨਮਾਨ ਲਈ ਵੀਰ ਬਾਲ ਦਿਵਸ ਮਨਾਇਆ।
ਪ੍ਰੋਗਰਾਮ ਦੇ ਆਰੰਭ ‘ਚ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਸਾਹਿਬਜ਼ਾਦਿਆਂ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ।`ਚਾਰ ਸਾਹਿਬਜ਼ਾਦੇ `ਫਿਲਮ ਦਿਖਾਈ ਗਈ ਜਿਸ ਤੋਂ ਬਾਅਦ ਫਿਲਮ `ਤੇ ਆਧਾਰਿਤ ਕੁਇਜ਼ ਸੈਸ਼ਨ ਕੀਤਾ ਗਿਆ, ਜਿਸ ਵਿੱਚ ਲਗਭਗ 200 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਹਾਜ਼ਰ ਸੰਗਤਾਂ ਨੂੰ ਉਨ੍ਹਾਂ ਦੀ ਅਟੱਲ ਧਾਰਮਿਕ ਆਸਥਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਹ ਕਹਿ ਕੇ ਕੀਤੀ ਕਿ ਅਸਲ ਤਾਕਤ ਵਿਪਰੀਤ ਹਾਲਾਤਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਵਿਸ਼ਵਾਸ਼ਾਂ ਲਈ ਦ੍ਰਿੜ ਰਹਿਣ ਵਿੱਚ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਭਾਸ਼ਣ ਦੌਰਾਨ ਚਾਰ ਸਾਹਿਬਜ਼ਾਦਿਆਂ ਦੀ ਕਮਾਲ ਦੀ ਬਹਾਦਰੀ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ ਬਹੁਤ ਦਬਾਅ ਦੇ ਬਾਵਜ਼ੂਦ ਧਰਮ ਦਾ ਤਿਆਗ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਧਰਮ ਪਰਿਵਰਤਨ ਨਾਲੋਂ ਸ਼ਹਾਦਤ ਦਾ ਰਾਹ ਚੁਣਿਆ।ਉਹਨਾਂ ਨੇ ਅੱਗੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਆਪਣੇ ਵਿਦਿਆਰਥੀਆਂ ਵਿੱਚ ਫਰਜ਼, ਹਮਦਰਦੀ ਅਤੇ ਹਿੰਮਤ ਦੀ ਭਾਵਨਾ ਪੈਦਾ ਕਰਨ ਲਈ ਹਮੇਸ਼ਾਂ ਵਚਨਬੱਧ ਹੈ।
ਪ੍ਰਿੰਸੀਪਲ ਡਾ. ਵਾਲੀਆ ਦੁਆਰਾ ਮੁੱਖ ਮਹਿਮਾਨ ਅਤੇ ਗੁਰਪ੍ਰੀਤ ਸਿੰਘ ਨਾਮਧਾਰੀ ਨੂੰ ਸਮਰਿਤੀ ਚਿੰਨ੍ਹ ਭੇਂਟ ਕੀਤਾ ਗਿਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਕਮੇਟੀ ਦੁਆਰਾ ਆਏ ਹੇਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਡਾ. ਅਨੀਤਾ ਨਰੇਂਦਰ ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ।ਇਸ ਮੌਕੇ ਕਾਲਜ ਵਲੋਂ 2000 ਤੋਂ ਵੱਧ ਲੋਕਾਂ ਨੂੰ ਲੰਗਰ ਛਕਾਇਆ ਗਿਆ।
Check Also
ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …