Friday, June 13, 2025

ਯੂਨੀਵਰਸਿਟੀ ਦੇ ਵਿਦਿਆਰਥੀ ਹੋਏ ਪਰਵਾਸੀ ਪੰਜਾਬੀ ਲੇਖਿਕਾ ਨੀਲਮ ਲਾਜ ਸੈਣੀ ਨਾਲ ਰੂਬਰੂ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਪਰਵਾਸੀ ਪੰਜਾਬੀਲੇਖਿਕਾ ਸ੍ਰੀਮਤੀ ਲਾਜ ਨੀਲਮ ਸੈਣੀ ਨੇ ਵਿਭਾਗ ਦੇ ਅਧਿਆਪਕਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨਾਲ ਪਰਵਾਸੀ ਪੰਜਾਬੀ ਸਾਹਿਤ ਅਤੇ ਆਪਣੀ ਸਿਰਜਨ ਪ੍ਰਕਿਰਿਆ ਸਬੰਧੀ ਮੁੱਲਵਾਨ ਵਿਚਾਰ ਸਾਂਝੇ ਕੀਤੇ।
ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਮਹਿਮਾਨ ਦਾ ਪੌਦੇ ਭੇਟ ਕਰਕੇ ਉਹਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਅਮਰੀਕਾ ਨਾ ਕੇਵਲ ਆਰਥਿਕ ਬਲਕਿ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਵੀ ਦੁਨੀਆ ਭਰ ਵਿੱਚ ਕੇਂਦਰ ਬਣਿਆ ਹੋਇਆ ਹੈ।ਇਸ ਪ੍ਰਸੰਗ ਵਿੱਚ ਨੀਲਮ ਲਾਜ ਸੈਣੀ ਦੀ ਰਚਨਾ ਅਮਰੀਕਾ ਵਿਚਲੇ ਪੰਜਾਬੀਆਂ ਦੇ ਮਾਨਸਿਕ ਦਵੰਦ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ।ਇਸ ਉਪਰੰਤ ਸ੍ਰੀਮਤੀ ਨੀਲਮ ਲਾਜ ਸੈਣੀ ਨੇ ਕਿਹਾ ਕਿ ਉਹਨਾਂ ਦੀ ਪੈਦਾਇਸ਼ 25 ਅਗਸਤ 1966 ਦੀ ਹੈ ਅਤੇ ਉਹਨਾਂ ਨੇ 1997 ਈ. ਪਰਵਾਸ ਧਾਰਨ ਕੀਤਾ।ਉਹਨਾਂ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਹੈ ਕਿ ਨਾਂਹਮੁਖੀ ਰੁਚੀਆਂ ਦਾ ਤਿਆਗ ਕਰ ਕੇ ਹਾਂਮੁਖੀ ਰੁਚੀਆਂ ਨੂੰ ਅਪਣਾਇਆ ਜਾਵੇ।ਇਹ ਨਿਸ਼ਚਿਤ ਰੂਪ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਅਜੋਕੇ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਅਤੇ ਵਿਰਸੇ ਨਾਲੋਂ ਟੁੱਟ ਰਹੀ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਆਪਣਾ ਨਾਵਲ ਅਲਵਿਦਾ ਕਦੇ ਵੀ ਨਹੀਂ ਆਪਣੇ ਜੀਵਨ ਸਾਥੀ ਲਾਜ ਸੈਣੀ ਨੂੰ ਸਮਰਪਿਤ ਕੀਤਾ ਹੈ।ਉਹਨਾਂ ਆਪਣੇ ਪਰਵਾਸੀ ਜੀਵਨ ਦੌਰਾਨ ਹਰਫ਼ਾਂ ਦੀ ਡੋਰ, ਅਕਸ, ਉਧਾਰੇ ਪਲਾਂ ਦੀ ਦਾਸਤਾਨ, ਕਾਨੀ ਨੂੰ ਲਵਾਦੇ ਘੁੰਗਰੂ, ਲਟ ਲਟ ਬਲਦਾ ਦੀਵਾ ਆਦਿ ਪੁਸਤਕਾਂ ਦੀ ਰਚਨਾ ਕੀਤੀ।ਕਈ ਸਰੋਤਿਆਂ ਨੇ ਉਹਨਾਂ ਨਾਲ ਸੰਵਾਦ ਵੀ ਰਚਾਇਆ।ਮੰਚ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਕੀਤਾ।ਉਹਨਾਂ ਲੇਖਿਕਾ ਦੀ ਰਚਨਾ ਬਾਰੇ ਕਿਹਾ ਉਹਨਾਂ ਦੀ ਸਿਰਜਣਾ ਲੋਕਧਾਰਾ ਨਾਲ ਡੂੰਘੇ ਰੂਪ ਵਿੱਚ ਜੁੜੀ ਹੋਈ ਹੈ।ਪ੍ਰੋਗਰਾਮ ਦੇ ਅੰਤ ‘ਚ ਸ੍ਰੀਮਤੀ ਅਰਤਿੰਦਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀਮਤੀ ਨੀਲਮ ਅਮਰੀਕਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਸਾਰਥਕ ਭੂਮਿਕਾ ਨਿਭਾ ਰਹੇ ਹਨ।ਇਸ ਰੂਬਰੂ ਪ੍ਰੋਗਰਾਮ ਵਿੱਚ ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ, ਡਾ. ਜਸਪਾਲ ਸਿੰਘ, ਡਾ. ਚੰਦਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …