Thursday, May 8, 2025
Breaking News

ਪਾਣੀ ਦੀ ਸੰਭਾਲ ਅਤੇ ਅੰਮ੍ਰਿਤਸਰ ਵਿੱਚ ਸਤਹੀ ਪਾਣੀ ਦੀ ਲੋੜ `ਤੇ ਜੀ.ਐਨ.ਡੀ.ਯੂੂ ਵਿਖੇ ਸੈਮੀਨਾਰ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ ਖੂਰਮਣੀਆਂ) – ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਤਹਿਤ ਕਾਰਪੋਰੇਸ਼ਨ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਨਿਰਦੇਸ਼ਾਂ ਅਨੁਸਾਰ ਅਤੇ ਜੀ.ਐਨ.ਡੀ.ਯੂ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਪਾਣੀ ਦੀ ਸੰਭਾਲ ਅਤੇ ਅੰਮ੍ਰਿਤਸਰ ਵਿੱਚ ਪਾਣੀ ਦੀ ਸਪਲਾਈ ਲਈ ਧਰਤੀ ਹੇਠਲੇ ਪਾਣੀ ਦੀ ਬਜ਼ਾਏ ਸਤਹੀ ਪਾਣੀ ਦੀ ਵਰਤੋਂ ਕਰਨ ਦੀ ਜਰੂਰਤ ਬਾਰੇ ਇੱਕ ਜਾਗਰੂਕਤਾ ਸੈਮੀਨਾਰ ਨਗਰ ਨਿਗਮ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਅਤੇ ਸਕੂਲ ਆਫ਼ ਸੋਸ਼ਲ ਸਾਇੰਸਜ਼ ਵੱਲੋਂ ਜੀ.ਐਨ.ਡੀ.ਯੂ ਵਿਖੇ ਆਯੋਜਿਤ ਕੀਤਾ ਗਿਆ।ਲਾਰਸਨ ਐਂਡ ਟੁਬਰੋ ਕੰਪਨੀ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਬਲਕ ਜਲ ਸਪਲਾਈ ਯੋਜਨਾ ਦੇ ਨਾਲ-ਨਾਲ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕਰਨਾ ਸੀ।ਪ੍ਰੋਗਰਾਮ ਦਾ ਉਦਘਾਟਨ ਸਕੂਲ ਆਫ਼ ਸੋਸ਼ਲ ਸਾਇੰਸਜ਼ ਵਿਭਾਗ ਮੁਖੀ ਪ੍ਰੋ. ਅਜ਼ਲੀ ਮਹਿਰਾ ਨੇ ਮਹਿਮਾਨ ਟੀਮ ਅਤੇ ਬੁਲਾਰਿਆਂ ਦਾ ਸਵਾਗਤ ਕੀਤਾ।
ਰਮਨ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ।ਪੰਜਾਬ ਦੇ ਜਲ ਸਰੋਤ 2022 ਦੀ ਰਿਪੋਰਟ ਅਨੁਸਾਰ ਸੂਬੇ ਦੇ 153 ਬਲਾਕਾਂ ਵਿੱਚੋਂ 117 ਅਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ 10 ਬਲਾਕਾਂ ਨੂੰ ਡਾਰਕ ਜ਼ੋਨ ਐਲਾਨਿਆ ਗਿਆ ਹੈ।ਇਕੱਲੇ ਅੰਮ੍ਰਿਤਸਰ ਦੇ ਸ਼ਹਿਰੀ ਖੇਤਰ ਵਿੱਚ ਹੀ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਤਿੰਨ ਸੌ ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ।ਸ਼ਹਿਰ ਲੰਬੇ ਸਮੇਂ ਤੱਕ ਪਾਣੀ ਦੀ ਸਪਲਾਈ ਲਈ ਭੂਮੀਗਤ ਪਾਣੀ `ਤੇ ਨਿਰਭਰ ਨਹੀਂ ਰਹਿ ਸਕਦਾ।ਪੰਜਾਬ ਸਰਕਾਰ ਨੇ ਸ਼ਹਿਰ ਵਿੱਚ ਟਿਕਾਊ ਅਤੇ ਸੁਰੱਖਿਅਤ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਹੈ।ਆਉਣ ਵਾਲੇ ਸਮੇਂ ਵਿੱਚ ਯੂ.ਬੀ.ਡੀ.ਸੀ ਨਹਿਰ ਦੇ ਪਾਣੀ ਨੂੰ ਸਾਫ਼ ਕਰਕੇ ਸਪਲਾਈ ਕੀਤਾ ਜਾਵੇਗਾ।ਵੱਲਾ ਵਿੱਚ 44 ਕਰੋੜ ਲੀਟਰ ਦੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ, 112 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਦੇ ਨਾਲ-ਨਾਲ 51 ਨਵੇਂ ਟੈਂਕ ਬਣਾਏ ਜਾ ਰਹੇ ਹਨ।ਡਾ. ਮੋਨਿਕਾ ਸੱਭਰਵਾਲ ਨੇ ਧਰਤੀ ਹੇਠਲੇ ਪਾਣੀ ਨਾਲੋਂ ਸਤਹੀ ਪਾਣੀ ਦੇ ਸਿਹਤ ਲਾਭਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਅਧੀਨ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ੀਸ਼) 10500:2012 ਦੇ ਪੱਧਰ ਦੀ ਹੋਵੇਗੀ।ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕੁੱਝ ਬਦਲਾਅ ਕਰੀਏ ਤਾਂ ਅਸੀਂ ਆਸਾਨੀ ਨਾਲ ਪਾਣੀ ਦੀ ਬਚਤ ਕਰ ਸਕਦੇ ਹਾਂ, ਜਿਵੇਂ ਕਿ ਵਾਸ਼ਿੰਗ ਮਸ਼ੀਨ ਨੂੰ ਪੂਰੀ ਸਮਰੱਥਾ ਨਾਲ ਵਰਤਣਾ, ਨਹਾਉਣ ਲਈ ਸ਼ਾਵਰ ਦੀ ਬਜ਼ਾਏ ਬਾਲਟੀ ਦੀ ਵਰਤੋਂ ਕਰਨਾ, ਛੱਤ `ਤੇ ਪਾਣੀ ਦੀਆਂ ਟੈਂਕੀਆਂ ਵਿੱਚ ਓਵਰਫਲੋ ਅਲਾਰਮ ਲਗਾਉਣਾ, ਘਰ ਵਿੱਚ ਲੀਕ ਹੋਣ ਵਾਲੀਆਂ ਟੂਟੀਆਂ ਦੀ ਸਮੇਂ ਸਿਰ ਮੁਰੰਮਤ ਕਰਵਾਉਣਾ, ਕਾਰ ਧੋਣ ਲਈ ਸਿੱਧੇ ਪਾਣੀ ਦੀ ਬਜ਼ਾਏ ਗਿੱਲੇ ਕੱਪੜੇ ਦੀ ਵਰਤੋਂ ਕਰਨਾ ਆਦਿ।ਅੰਤ ‘ਚ, ਡਾ. ਰਚਨਾ ਸ਼ਰਮਾ ਅਤੇ ਡਾ. ਗੁਰਸ਼ਮਿੰਦਰ ਸਿੰਘ ਬਾਜਵਾ ਨੇ ਸੱਦੇ ਗਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ. ਬਿਕਰਮ ਸਿੰਘ ਬਾਜਵਾ, ਪ੍ਰੋ. ਰਜਿੰਦਰ ਕੌਰ, ਪ੍ਰੋ. ਦਲਬੀਰ ਸਿੰਘ ਸੋਗੀ, ਡਾ. ਮਨਜੋਤ ਕੌਰ, ਡਾ. ਨਿਰਮਲਾ, ਡਾ. ਯੋਗੇਸ਼, ਡਾ. ਦਿਵਜੋਤ ਕੌਰ, ਡਾ. ਨੈਨਸੀ, ਅਸ਼ਵਨੀ ਸ਼ਰਮਾ, ਬੰਨਾਪ੍ਰਿਆ ਆਦਿ ਵੀ ਮੌਜ਼ੂਦ ਸਨ।

 

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …