ਨਤਾਸ਼ਾ ਨਰਵਾਲ ਤੇ ਡਾ. ਅਰਵਿੰਦਰ ਕੌਰ ਕਾਕੜਾ ਸਨਮਾਨਿਤ
ਅੰਮ੍ਰਿਤਸਰ, 9 ਮਾਰਚ (ਦੀਪ ਦਵਿੰਦਰ ਸਿੰਘ) – ਪਿਛਲੇ ਤਿੰਨ ਦਹਾਕੇ ਤੋਂ ਭਾਰਤ ਪਾਕਿਸਤਾਨ ’ਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਤਤਪਰ ਫੋਕਲੋਰ ਰਿਸਰਚ ਅਕਾਦਮੀ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਇਕਾਈ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ’ਤੇ ਵਿਸ਼ੇਸ਼ ਸੈਮੀਨਾਰ ਸਥਾਨਕ ਵਿਰਸਾ ਵਿਖੇ ਕਰਵਾਇਆ ਗਿਆ।ਸਮਾਗਮ ਵਿੱਚ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਡਾ. ਅਰਵਿੰਦਰ ਕੌਰ ਕਾਕੜਾ ਨੂੰ ਮਰਹੂਮ ਵਿਮਲਾ ਡਾਂਗ ਪੁਰਸਕਾਰ, ਮੈਡਮ ਨਤਾਸ਼ਾ ਨਰਵਾਲ ਨੂੰ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਤੇ ਸ਼ਾਂਤੀ ਦੂਤ ਆਸਮਾਂ ਜਹਾਂਗੀਰ ਪੁਰਸਕਾਰ ਅਤੇ ਗਿਆਰਾਂ-ਗਿਆਰਾਂ ਹਜ਼ਾਰ ਦੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਸਨਮਾਨ ਪੱਤਰ ਕੋਮਲਪ੍ਰੀਤ ਕੌਰ ਅਤੇ ਹਰਜੀਤ ਸਿੰਘ ਸਰਕਾਰੀਆ ਵਲੋਂ ਪੜ੍ਹੇ ਗਏ।ਦਿੱਲੀ ਤੋਂ ਆਏ ਪਿੰਜ਼ਰਾ ਤੋੜ ਜਥੇਬੰਦੀ ਦੇ ਆਗੂ ਨਤਾਸ਼ਾ ਨਰਵਾਲ ਨੇ ਕਿਹਾ ਕਿ ਅੱਜ ਅਸੀਂ ਬਹੁਤ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਸਮਾਜ ਤੋਂ ਡਰਦਿਆਂ ਔਰਤਾਂ ਨੂੰ ਘਰਾਂ ਵਿੱਚ ਕੈਦ ਕੀਤਾ ਜਾ ਰਿਹਾ ਹੈ।ਔਰਤ ਨੂੰ ਆਜ਼ਾਦੀ ਲੈਣ ਲਈ ਅਜੇ ਬਹੁਤ ਸੰਘਰਸ਼ ਕਰਨਾ ਪਏਗਾ।ਉਨ੍ਹਾਂ ਨੇ ਆਪਣੇ ਬਣਾਏ ਨਾਅਰੇ ‘ਸਾਰੇ ਪਿੰਜਰੋਂ ਕੋ ਤੋੜੇਗੇ, ਇਤਿਹਾਸ ਕੀ ਧਾਰਾ ਮੋੜੇਗੇ’, ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ।ਸੀ.ਪੀ.ਆਈ ਆਗੂ ਦਸਵਿੰਦਰ ਕੌਰ ਨੇ ਕਿਹਾ ਕਿ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਬਾਰੇ ਸੋਚਣਾ ਹੀ ਬਹੁਤ ਵੱਡੀ ਗੱਲ ਹੈ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਔਰਤ ਜਾਤੀ ਬਾਰੇ ਲਿਖਿਆ ਸੀ ’ਸੋ ਕਿਉਂ ਮੰਦਾ ਆਖੀਏ, ਜਿਤੁ ਜੰਮਹਿ ਰਾਜਾਨ’ ਪਰ ਵੇਖਿਆ ਜਾਵੇ ਤਾਂ ਔਰਤ ਜਾਤੀ ਦੀ ਹਾਲਤ ਉਹੋ ਹੈ, ਜੋ ਸਦੀਆਂ ਪਹਿਲਾਂ ਸੀ।ਦੂਸਰੇ ਬੁਲਾਰੇ ਡਾ. ਇੰਦਰਜੀਤ ਗਿੱਲ ਨੇ ਕਿਹਾ ਕਿ ਔਰਤ ਨੂੰ ਆਪਣੇ ਹੱਕ ਲੈਣ ਲਈ ਬਹੁਤ ਸਾਰਾ ਸੰਘਰਸ਼ ਕਰਨਾ ਪਿਆ।ਸਵਿੱਤਰੀ ਬਾਈ ਫੂਲੇ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਲੜਕੀਆਂ ਨੂੰ ਸਕੂਲ ਜਾਣ ਦੀ ਮਨਾਹੀ ਸੀ, ਉਦੋਂ ਉਨ੍ਹਾਂ ਲੜਕੀਆਂ ਨੂੰ ਪੜਾਉਣ ਦਾ ਜ਼ਿੰਮਾ ਲਿਆ ਸੀ ਅਤੇ ਨਵੀਆਂ ਪੈੜਾਂ ਪਾਈਆਂ ਸਨ।
ਡਾ. ਅਰਵਿੰਦਰ ਕੌਰ ਕਾਕੜਾ ਨੇ ਹਾਜ਼ਰੀਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਭਾਵੇਂ ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪਰ ਔਰਤ ਦਾ ਸ਼ੋਸ਼ਣ ਅੱਜ ਵੀ ਜਾਰੀ ਹੈ।ਸ਼ਾਇਰ ਨਰੰਜਣ ਸਿੰਘ ਗਿੱਲ ਅਤੇ ਜਸਵਿੰਦਰ ਕੌਰ ਜੱਸੀ ਵੱਲੋਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ।ਮੰਚ ਸੰਚਾਲਨ ਕਮਲ ਗਿੱਲ ਵਲੋਂ ਕੀਤਾ ਗਿਆ।
ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ, ਪੱਤਰਕਾਰ ਤੇ ਸ਼ਾਇਰ ਐਸ.ਪਰਸੋਤਮ, ਕਾਮਰੇਡ ਅਮਰਜੀਤ ਸਿੰਘ ਆਸਲ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਸਰਕਾਰੀਆ, ਹਰੀਸ਼ ਸਾਬਰੀ, ਸਾਬਕਾ ਚੀਫ਼ ਲਾਇਬ੍ਰੇਰੀਅਨ ਪੰਜਾਬ ਡਾ. ਪ੍ਰਭਜੋਤ ਕੌਰ ਸੰਧੂ, ਕਰਮਜੀਤ ਕੌਰ ਜੱਸਲ, ਜਸਵਿੰਦਰ ਕੌਰ, ਡਾ. ਪੂਜਾ, ਸਤੀਸ਼ ਝੀਂਗਨ, ਕਾਮਰੇਡ ਰਜੇਸ਼, ਮਾਸਟਰ ਲਖਵਿੰਦਰ ਸਿੰਘ, ਰਾਜਪਾਲ ਸ਼ਰਮਾ, ਬੀ.ਡੀ ਭਗਤ, ਜਗਰੂਪ ਸਿੰਘ ਐਮਾਂ, ਸਤਿੰਦਰਜੀਤ ਕੌਰ, ਸੁਰਿੰਦਰ ਕੌਰ ਸਰਾਏ, ਲਖਬੀਰ ਸਿੰਘ ਨਿਜ਼ਾਮਪੁਰਾ, ਨਿਰਮਲ ਕੌਰ ਕੋਟਲਾ ਆਦਿ ਹਾਜ਼ਰ ਸਨ।