Wednesday, May 14, 2025
Breaking News

ਅੰਮ੍ਰਿਤਸਰ ਜਿਲ੍ਹੇ ਦੇ 6 ਸਕੂਲਾਂ ਨੂੰ ਬੈਸਟ ਸਕੂਲ ਅਵਾਰਡ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸਿੱਖਿਆ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉੱਤਮ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੀ ਚੋਣ ਕਰਕੇ ਚੰਡੀਗੜ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਸਕੂਲਾਂ ਨੂੰ ਬੈਸਟ ਸਕੂਲ ਸਰਟੀਫੀਕੇਟ ਅਤੇ ਇਨਾਮੀ ਰਾਸ਼ੀ ਭੇਟ ਕੀਤੀ ਗਈ ਹੈ।ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਇਸ ਸਨਮਾਨ ਲਈ 6 ਸਕੂਲਾਂ ਦੀ ਚੋਣ ਕੀਤੀ ਕੀਤੀ ਗਈ ਹੈ।ਇਹਨਾਂ ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੀਆਂ) ਕੱਥੂਨੰਗਲ, ਸਰਕਾਰੀ ਹਾਈ ਸਕੂਲ਼ ਨੰਗਲੀ, ਸਰਕਾਰੀ ਮਿਡਲ ਸਕੂਲ਼ ਖ਼ੈਰਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੀਆਂ) ਟਪਿਆਲਾ, ਸਰਕਾਰੀ ਹਾਈ ਸਕੂਲ ਸ਼ਹੂਰਾ ਅਤੇ ਸਰਕਾਰੀ ਮਿਡਲ ਸਕੂਲ ਭੋਏਵਾਲੀ ਸ਼ਾਮਲ ਹਨ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਹਰਭਗਵੰਤ ਸਿੰਘ ਨੇ ਦੱਸਿਆ ਕਿ ਸੈਸ਼ਨ 2023-24 ਅਤੇ 2024-25 ਦੇ ਹਰੇਕ ਸੈਸ਼ਨ ਲਈ ਇੱਕ-ਇੱਕ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲ ਨੂੰ ਚੁਣਿਆ ਗਿਆ ਸੀ ਅਤੇ ਹੁਣ ਹਰੇਕ ਸੀਨੀਅਰ ਸੈਕੰਡਰੀ ਸਕੂਲਾਂ ਨੂੰ 10 ਲੱਖ ਰੁਪਏ, ਹਾਈ ਸਕੂਲ ਨੂੰ 7.5 ਲੱਖ ਰੁਪਏ ਅਤੇ ਮਿਡਲ ਸਕੂਲ ਨੂੰ 5 ਲੱਖ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।ਇਨ੍ਹਾਂ ਸਕੂਲਾਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਸਖ਼ਤ ਮਾਪਦੰਡਾਂ ਜਿਵੇਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ, ਕਮਿਊਨਿਟੀ ਭਾਗੀਦਾਰੀ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ `ਤੇ ਕੇਂਦ੍ਰਿਤ ਹੈ।ਉਹਨਾਂ ਕਿਹਾ ਕਿ ਸੂਬਾ ਸਰਕਾਰ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਸ਼ਾਂ ਕਰ ਰਹੀ ਹੈ, ਜਿਸਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ।ਉਹਨਾਂ ਕਿਹਾ ਕਿ ਇਹ ਸਨਮਾਨ ਜਿੱਤਣ ਵਾਲੇ ਤਿੰਨ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੀਆਂ) ਟਪਿਆਲਾ, ਸਰਕਾਰੀ ਹਾਈ ਸਕੂਲ ਸ਼ਹੂਰਾ ਅਤੇ ਸਰਕਾਰੀ ਮਿਡਲ ਸਕੂਲ ਭੋਏਵਾਲੀ ਬਾਰਡਰ ਏਰੀਏ ਦੇ ਹਨ, ਜੋ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਬਾਰਡਰ ਖੇਤਰ ਵਿੱਚ ਵੀ ਸਿੱਖਿਆ ਖੇਤਰ ਵਿੱਚ ਲਗਾਤਾਰ ਚੰਗੇ ਕੰਮ ਹੋ ਰਹੇ ਹਨ।ਸਾਰੇ ਪੁਰਸਕਾਰ ਜੇਤੂ ਸਕੂਲਾਂ ਨੂੰ ਦਿਲੋਂ ਵਧਾਈ ਦਿੰਦਿਆਂ ਹਰਭਗਵੰਤ ਸਿੰਘ ਨੇ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਹੋਰਨਾਂ ਸਕੂਲਾਂ ਵਾਸਤੇ ਰੋਲ ਮਾਡਲ ਸਾਬਤ ਹੋਣਗੇ।ਉਨ੍ਹਾਂ ਪੁਰਸਕਾਰ ਜੇਤੂ ਸਕੂਲਾਂ ਦੇ ਮੁਖੀਆਂ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …