ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਗੀਗੜ੍ਹ ਦੇ ਸਹਿਯੋਗ ਨਾਲ ‘ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਧੀਨ ਕਰਵਾਏ ਗਏ ਇਸ ਸਮਾਗਮ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਰਾਹੀਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਹੋਇਆ।ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਵੱਲੋਂ ਆਈਆਂ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ।
ਉਦਘਾਟਨੀ ਸਮਾਰੋਹ ’ਚ ਪ੍ਰਸਿੱਧ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜੋਕੇ ਸਮੇਂ ’ਚ ਨੌਜਵਾਨ ਪੀੜ੍ਹੀ ਤਨਾਅ ਦੇ ਕਈ ਪੜਾਵਾਂ ’ਚੋਂ ਗੁਜ਼ਰ ਰਹੀ ਹੈ।ਅਜਿਹੀਆਂ ਸਮੱਸਿਆਵਾਂ ਦੇ ਕਈ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨ ਹਨ।ਤਕਨੀਕੀ ਵਿਕਾਸ ਦਾ ਪ੍ਰਭਾਵ ਵੀ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦੇ ਕਾਰਨ ਪੈਦਾ ਕਰ ਸਕਦਾ ਹੈ।
ਇਸ ਉਪਰੰਤ ਡਾ. ਰਣਜੀਤ ਸਿੰਘ ਘੁੰਮਣ, ਪ੍ਰੋਫ਼ੈਸਰ ਆਫ਼ ਏਮੀਨੈਂਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਦੇ ਨਿਘਾਰ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਲੱਗੇ ਖੋਰੇ ਦੇ ਪ੍ਰਭਾਵ ਕਾਰਨ ਅੱਜ ਦਾ ਮਨੁੱਖ ਨਕਾਰਾ ਅਤੇ ਬੇਰੁਜ਼ਗਾਰ ਬਣ ਗਿਆ ਹੈ।ਪੰਜਾਬ ਦੇ ਆਰਥਿਕ ਖੋਰੇ ਬਾਰੇ ਤੱਥ ਪੇਸ਼ ਕਰਦਿਆਂ ਉਨ੍ਹਾਂ ਨੇ ਰਿਸ਼ਵਤਖੋਰੀ ਵਰਗੀ ਅਲਾਮਤ ਪ੍ਰਤੀ ਵੀ ਚਿੰਤਾ ਪ੍ਰਗਟ ਕੀਤੀ।
ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦੀ ਪ੍ਰਣਾਲੀ ਦੀ ਤਰਜ਼ ’ਤੇ ਚੱਲਦਿਆਂ ਸਾਨੂੰ ਆਪਣੀ ਅਮੀਰ ਵਿਰਸਾਤ ਨੂੰ ਭੁੱਲਣਾ ਨਹੀਂ ਚਾਹੀਦਾ।ਉਨ੍ਹਾਂ ਕਿਹਾ ਕਿ ਅਜੋਕਾ ਮਨੁੱਖ ਮਾਨਸਿਕ ਅਤੇ ਆਰਥਿਕ ਪੱਖੋਂ ਨਕਾਰਾ ਹੋ ਰਿਹਾ ਹੈ।ਸੱਤਾਧਾਰੀ ਧਿਰ ਨੇ ਅਜੋਕੇ ਮਨੁੱਖ ਨੂੰ ਕਈ ਤਰ੍ਹਾਂ ਦੀ ਮੁਖ਼ਤਖੋਰੀ ਦੇ ਘੇਰੇ ’ਚ ਫਸਾ ਲਿਆ ਹੈ।ਜਿਸ ਨਾਲ ਉਹ ਨਿਕੰਮਾ ਅਤੇ ਬੇਕਾਰ ਹੋ ਰਿਹਾ ਹੈ।ਪੰਜਾਬੀ ਮਨੁੱਖ ਨੂੰ ਆਪਣੀ ਹੋਂਦ ਦੀ ਸੰਵੇਦਨਾ ਨੂੰ ਬਰਕਰਾਰ ਰੱਖਣ ਅਤੇ ਆਪਣੇ ਸਵੈਮਾਣ ਬਣਾਈ ਰੱਖਣ ਲਈ ਕਿਰਤ ਨਾਲ ਜੁੜਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਡਾ. ਰੰਧਾਵਾ ਨੇ ਕਿਹਾ ਕਿ ਪੰਜਾਬ ਨਵ ਸਿਰਜਣਾ ਪ੍ਰੋਗਰਾਮਾਂ ਦੀ ਲੜੀ ਅਧੀਨ 1 ਤੋਂ 31 ਮਾਰਚ ਤੱਕ ਪੂਰੇ ਪੰਜਾਬ ’ਚ ਵੱਖ-ਵੱਖ ਸੰਸਥਾਵਾਂ ’ਚ ਸਾਹਿਤਕ ਪ੍ਰੋਗਰਾਮ ਅਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ।ਸਮਾਗਮ ਦੇ ਪਹਿਲੇ ਅਕਾਦਮਿਕ ਸੈਸ਼ਨ ’ਚ ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨੁੱਖੀ ਚਰਿੱਤਰ ਨਿਰਮਾਣ ਲਈ ਗੁਰਬਾਣੀ ਦੇ ਮਾਡਲ ਦੀ ਭੂਮਿਕਾ ਬਾਰੇ ਵਿਚਾਰ ਪੇਸ਼ ਕੀਤੇ।ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਬਲਟਰਨ ਸਮੂਹਾਂ ਦੀ ਸਾਹਿਤ ਵਿਚਲੀ ਸਥਿਤੀ ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਸਾਂਝੇ ਕੀਤੇ।ਡਾ. ਗੁਰਮੁਖ ਸਿੰਘ ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਅਜੋਕਾ ਮਨੁੱਖ ਆਪਣੀ ਬਿਹਤਰੀ ਅਤੇ ਵਿਕਾਸ ਨੂੰ ਜਾਣੇ ਬਿਨਾਂ ਕਈ ਤਰ੍ਹਾਂ ਦੇ ਭਰਮਾਂ ਵਿਚੋਂ ਗੁਜ਼ਰ ਰਿਹਾ ਹੈ।ਸਮੁੱਚੇ ਵਿਕਾਸ ਲਈ ਉਸ ਨੂੰ ਆਪਣੇ ਆਲੇ-ਦੁਆਲੇ ਪ੍ਰਤੀ ਚੇਤੰਨ ਹੋਣ ਦੀ ਲੋੜ ਹੈ।ਡਾ. ਮਨਮੋਹਨ ਸਾਬਕਾ ਆਈ.ਪੀ.ਐਸ ਅਧਿਕਾਰੀ ਨੇ ਗੁਰਬਾਣੀ, ਇਤਿਹਾਸ ਅਤੇ ਵਿਸ਼ਵ ਪ੍ਰਸਿੱਧ ਚਿੰਤਕਾਂ ਦੇ ਹਵਾਲੇ ਨਾਲ ਮਨੱਖ ਨੂੰ ਹਿੰਸਕ ਸੁਭਾਅ ਨੂੰ ਤਿਆਗ ਕੇ ਨਿਮਰਤਾ ਦੇ ਗੁਣ ਆਪਣਾਉਣ ਦਾ ਸੁਝਾਅ ਦਿੱਤਾ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …