ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਸ਼ਬਦ ਨਾਦ ਮੰਚ ਵਲੋਂ ਅਰੰਭੀ “ਲੇਖਕ ਮਿਲਣੀ” ਸਮਾਗਮਾਂ ਦੇ ਅੰਤਰਗਤ ਪੰਜਾਬੀ ਸ਼ਾਇਰ ਅਤੇ ਵਾਰਤਾਕਾਰ ਮਲਵਿੰਦਰ ਨਾਲ ਸਥਾਨਕ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਸਾਹਿਤਕ ਗੁਫ਼ਤਗੂ ਰਚਾਈ ਗਈ।ਰਾਬਤਾ ਮੁਕਾਲਮਾਂ ਕਾਵਿ ਮੰਚ ਅਤੇ ਏਕਮ ਸਾਹਿਤ ਮੰਚ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦੀ ਰੂਪ ਰੇਖਾ ਪ੍ਰੋ. ਬਖਤੌਰ ਸਿੰਘ ਧਾਲੀਵਾਲ ਨੇ ਸਾਂਝੀ ਕੀਤੀ, ਜਦਕਿ ਸ਼ਾਇਰ ਵਿਸ਼ਾਲ ਬਿਆਸ ਨੇ ਸਵਾਗਤੀ ਸ਼ਬਦ ਕਹੇ।
ਕੈਨੇਡਾ ਵਰਗੇ ਵਿਕਸਿਤ ਮੁਲਕੋਂ ਵਾਪਸ ਪਰਤੇ ਸ਼ਾਇਰ ਮਲਵਿੰਦਰ ਨੇ ਬਾਹਰਲੀਆਂ ਧਰਤੀਆਂ ਦੇ ਕੱਚ-ਸੱਚ ਨੂੰ ਬਿਆਨਦਿਆਂ ਦੱਸਿਆ ਕਿ ਬੇਸ਼ੱਕ ਆਪਣੇ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਮਨੁੱਖ ਸਦੀਆਂ ਤੋਂ ਪਰਵਾਸ ਹੰਢਾਉਂਦਾ ਰਿਹਾ ਹੈ, ਫਿਰ ਵੀ ਆਪਣੀ ਜ਼ੁਬਾਨ ਆਪਣੀ ਜ਼ਮੀਨ ਅਤੇ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਸਾਹਿਤ ਹੀ ਸਭ ਤੋਂ ਉਤਮ ਜ਼ਰੀਆ ਹੈ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਮਲਵਿੰਦਰ ਹੁਰਾਂ ਦੀ ਵਾਰਤਕ ਦੇ ਹਵਾਲੇ ਨਾਲ ਕਿਹਾ ਕਿ ਮਲਵਿੰਦਰ ਦੀ ਸਮੁੱਚੀ ਲਿਖਤ ਉਸ ਦੇ ਹੱਡੀਂ ਹੰਢਾਏ ਅਨੁਭਵ ਵਿੱਚੋਂ ਗੁਜਰਦੀ ਹੈ।ਪ੍ਰਵਾਸੀ ਸਾਹਿਤਕਾਰ ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਭਾਵੇਂ ਦੇਸ਼ ਹੋਵੇ ਜਾਂ ਪਰਦੇਸ, ਅਜਿਹੇ ਸੰਵਾਦ ਸਾਨੂੰ ਆਪਸ ਵਿੱਚ ਜੋੜੀ ਰੱਖਦੇ ਹਨ।ਕਨੇਡਾ ਤੋਂ ਆਏ ਹੀਰਾ ਰੰਧਾਵਾ, ਸਰਬਜੀਤ ਸਿੰਘ ਸੰਧੂ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਮਲਵਿੰਦਰ ਦੀ ਸਮੁੱਚੀ ਸ਼ਾਇਰੀ ਵੇਦਨਾ ਸੰਵੇਦਨਾ ਦੀ ਸ਼ਾਇਰੀ ਹੈ, ਜਿਸ ਵਿੱਚ ਉਹ ਮਨੁੱਖ ਅੰਦਰਲੀ ਟੁੱਟ ਭੱਜ ਨੂੰ ਬਾਖੂਬੀ ਬਿਆਨ ਕਰਦਾ ਹੈ।
ਰਚਨਾਵਾਂ ਦੇ ਚੱਲੇ ਦੌਰ ਵਿੱਚ ਅਰਤਿੰਦਰ ਸੰਧੂ, ਇੰਦਰੇਸ਼ਮੀਤ, ਵਿਸ਼ਾਲ, ਬਖਤਾਵਰ ਸਿੰਘ, ਕੰਵਲਜੀਤ ਭੁੱਲਰ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਜਗਤਾਰ ਗਿੱਲ, ਡਾ. ਮੋਹਨ ਬੇਗੋਵਾਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਜਸਵੰਤ ਧਾਪ, ਤਰਸੇਮ ਲਾਲ ਬਾਵਾ, ਮਨਮੋਹਣ ਸਿੰਘ ਢਿੱਲੋਂ, ਪੂਰਨ ਪਿਆਸਾ, ਰਾਜਖੁਸ਼ਵੰਤ ਸਿੰਘ ਸੰਧੂ, ਵਿਜੇਤਾ ਭਾਰਦਵਾਜ, ਡਾ. ਰਾਜੇਸ਼ ਭਾਰਦਵਾਜ, ਸੀਮਾ ਗਰੇਵਾਲ, ਰਾਜਬੀਰ ਗਰੇਵਾਲ, ਸੁਨੀਤਾ ਸ਼ਰਮਾ, ਸਨੀ ਪੱਖੋਕੇ, ਪੰਕਜ ਸਿੰਘ ਅਤੇ ਤੇਜਿੰਦਰ ਬਾਵਾ ਆਦਿ ਨੇ ਅਦਬੀ ਮਹੌਲ ਵਿੱਚ ਕਾਵਿਕ ਰੰਗ ਬਿਖੇਰਿਆ।
Check Also
ਮੁੱਖ ਮੰਤਰੀ ਮਾਨ ਨੇ ਬਜ਼ਟ ਵਿੱਚ ਐਸ.ਸੀ ਭਾਈਚਾਰੇ ਨੂੰ ਦਿੱਤੀਆਂ ਵਿਸ਼ੇਸ਼ ਰਿਆਇਤਾਂ-ਵਿਧਾਇਕ ਟੌਂਗ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਭਗਵੰਤ ਸਿੰਘ ਮਾਨ ਦੀ ਸਰਕਾਰ ਦੌਰਾਨ ਚੌਥੀ ਵਾਰ ਹਰਪਾਲ …