Sunday, December 22, 2024

ਰੂਸਾ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਰਕਾਰੀ ਕਾਲਜਾਂ ਨੂੰ ਗ੍ਰਾਂਟ ਪ੍ਰਦਾਨ

PPN1401201511
ਅੰਮ੍ਰਿਤਸਰ, 14 ਜਨਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਰਾਸ਼ਟਰੀ ਉਚਤਰ ਸਿਖਿਆ ਅਭਿਯਾਨ (ਰੂਸਾ) ਅਧੀਨ ਗ੍ਰਾਂਟ ਦੇਣ ਦਾ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਗ੍ਰਾਂਟ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਅਤੇ ਮਿਆਰੀ ਸਿਖਿਆ ਮੁਹਈਆ ਕਰਨ ਲਈ ਦਿੱਤੀ ਗਈ। ਇਸ ਸਕੀਮ ਅਧੀਨ ਉਚੇਰੀ ਸਿਖਿਆ ਮੰਤਰੀ, ਸ. ਸੁਰਜੀਤ ਸਿੰਘ ਰੱਖੜਾ ਵੱਲੋਂ 10 ਸਰਕਾਰੀ ਕਾਲਜਾਂ ਨੂੰ 25 ਲੱਖ ਪ੍ਰਤੀ ਕਾਲਜ ਅਤੇ ਯੂਨੀਵਰਸਿਟੀ ਨੂੰ 2.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ।
ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਰੂਸਾ ਦੇ ਐਡੀਸ਼ਨਲ ਡਾਇਰੈਕਟਰ, ਡਾ. ਜੀ.ਐਸ. ਬਰਾੜ ਨੇ ਮਿਸ਼ਨ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਚੇਰੀ ਸਿਖਿਆ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਡਾ. ਰੌਸ਼ਨ ਸੁਨਕਾਰੀਆ ਤੋਂ ਇਲਾਵਾ ਸ਼ਹਿਰੀ ਅਕਾਲੀ ਜਥੇ ਦੇ ਪ੍ਰਧਾਨ, ਉਪਕਾਰ ਸਿੰਘ ਸੰਧੂ, ਐਸ.ਜੀ.ਪੀ.ਸੀ. ਮੈਂਬਰ, ਬੀਬੀ ਕਿਰਨਜੀਤ ਕੌਰ ਤੇ ਭਾਈ ਰਾਮ ਸਿੰਘ ਅਤੇ ਭਾਈ ਹਰਜਾਪ ਸਿੰਘ ਸੁਲਤਾਨਵਿੰਡ ਵੀ ਇਸ ਮੌਕੇ ਹਾਜ਼ਰ ਸਨ।
ਸ.ਰੱਖੜਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਲਈ ਮੁੱਢਲੀ ਸਿੱਖਿਆ ਦੇ ਨਾਲ ਉਚੇਰੀ ਤੇ ਖਾਸ ਕਰ ਪੇਸ਼ੇਵਾਰ ਸਿੱਖਿਆ ਦਾ ਵੱਡਾ ਰੋਲ ਹੈ। ਇਸੇ ਮਹੱਤਤਾ ਨੂੰ ਦੇਖਦਿਆਂ ਪਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਉਚੇਰੀ ਸਿੱਖਿਆ ਵਿੱਚ ਪਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ। ਪਜਾਬ ਸਰਕਾਰ ਵਿਦਿਆਰਥੀਆਂ ਨੂੰ ਕਿੱਤਾਮੁਖੀ ਕੋਰਸ ਕਰਵਾਉਣ ਲਈ ਵਿਸ਼ੇਸ਼ ਪਹਿਲ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਪਜਾਬ ਵਿੱਚ ਕਾਲਜਾ, ਯੂਨੀਵਰਸਿਟੀਆਂ ਦਾ ਅਜਿਹਾ ਅਤਿ-ਆਧੁਨਿਕ ਢਾਂਚਾ ਬਣਾਇਆ ਗਿਆ ਹੈ ਕਿ ਸੂਬੇ ਦੇ ਵਿਦਿਆਰਥੀਆਂ ਨੂੰ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਲਈ ਆਪਣੇ ਘਰੋਂ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਸਰਕਾਰ ਵੱਲੋਂ ਉਚੇਰੀ ਸਿੱਖਿਆ ਲਈ ਸ਼ੁਰੂ ਕੀਤੀ ਰੂਸਾ ਸਕੀਮ ਤਹਿਤ ਕਾਲਜਾਂ ਨੂੰ ਵੱਡੀ ਆਰਥਿਕ ਸਹਾਇਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪਜਾਬ ਰੂਸਾ ਸਕੀਮ ਨੂੰ ਅਪਣਾਉਣ ਵਾਲੇ ਕੁਝ ਗਿਣੇ ਚੋਣਵੇ ਸੂਬਿਆਂ ਵਿੱਚੋਂ ਇਕ ਹੈ ਜਿਸ ਤਹਿਤ 65:35 ਅਨੁਪਾਤ ਵਿੱਚ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਰਾਸ਼ੀ ਜਾਰੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਦੇ ਨਾਲ ਪੇਸ਼ੇਵਾਰ ਸਿੱਖਿਆ ਪਜਾਬ ਸਰਕਾਰ ਦੀ ਮੁੱਖ ਪਹਿਲ ਹੈ ਅਤੇ ਇਸ ਉਪਰਾਲੇ ਲਈ ਹਰ ਸੰਭਵ ਵਿਤੀ ਸਹਾਇਤਾ ਮੁਹਈਆ ਕੀਤੀ ਜਾਵੇਗੀ ਤਾਂ ਜੋ ਪੰਜਾਬ ਨੌਜੁਆਨ ਪੀੜ੍ਹੀ ਨੂੰ ਨਰੋਈ ਸੇਧ ਦਿੱਤੀ ਜਾਵੇ ਤਾਂ ਜੋ ਨਸ਼ੇ ਜਿਹੀਆਂ ਅਲਾਮਤਾ ਤੋਂ ਬਚ ਸਕਣ।
ਪ੍ਰੋ. ਬਰਾੜ ਨੇ ਸ. ਰੱਖੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਗ੍ਰਾਂਟ ਯੂਨੀਵਰਸਿਟੀ ਅਤੇ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਅਤੇ ਉਚੇਰੀ ਸਿਖਿਆ ਨੂੰ ਵਧੇਰੇ ਮਿਆਰੀ ਬਣਾਉਣ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਇੰਸ ਅਤੇ ਤਕਨਾਲੋਜੀ ਦੇ ਯੁਗ ਵਿਚ ਸਾਨੂੰ ਹਰ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਕਾਨਲੋਜੀ ਵਿਚ ਹੋ ਰਹੇ ਵਿਕਾਸ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਦੇ ਹੋਏ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਅਤੇ ਨੈਤਿਕਤਾ ਦ੍ਰਿੜ ਕਰਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੁੱਝ ਕਮਜ਼ੋਰ ਸਰਕਾਰੀ ਕਾਲਜਾਂ ਨੂੰ ਅਪਣਾ ਕੇ ਉਨ੍ਹਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਅੱਜ ਉਹ ਕਾਮਯਾਬ ਕਾਲਜਾਂ ਵੱਜੋਂ ਕਾਰਜਸ਼ੀਲ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply