Friday, July 4, 2025
Breaking News

ਭਗਤ ਪੂਰਨ ਸਿੰਘ ਦੇ ਜੀਵਨ ‘ਤੇ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਫਿਲਮ ਹੋਵੇਗੀ 30 ਨੂੰ ਰਲੀਜ਼

ਮੁੱਖ ਅਦਾਕਾਰ ਪਵਨ ਮਲਹੋਤਰਾ ਹਰਿਮੰਦਰ ਸਾਹਿਬ ਹੋਏ ਨਤਮਸਤਕ

PPN2201201506

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) –  ਪਿੰਗਲਵਾੜਾ ਦੇ ਬਾਨੀ ਭਗਤ ਪੂਰਣ ਸਿੰਘ ਨੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣਾ ਸਾਰਾ ਜੀਵਨ ਲਾਚਾਰਾਂ, ਗਰੀਬਾਂ ਤੇ ਲਾਵਾਰਿਸਾਂ ਦੇ ਲੇਖੇ ਲਾਇਆ, ਉਨਾਂ ਦੇ ਤਿਆਗ ਅਤੇ ਸੇਵਾ-ਭਾਵ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਇਹੁ ਜਨਮ੍ਹ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਵ੍ਹਾਈਟ ਹਿੱਲ ਪ੍ਰੋਡਕਸ਼ਨ ਅਤੇ ਪੂਨੀਲੈਂਡ ਸਟੂਡੀਓ ਦੀ ਡਾਇਰੈਕਸ਼ਂ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਹਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ।ਪੰਜਬਾੀ ਫਿਲਮ ‘ਪੰਜਾਬ 1984’ ਵਿਚ ਇੱਕ ਜੋਰਦਾਰ ਕਿਰਦਾਰ ਵਿਚ ਨਜ਼ਰ ਆਏ ਬਾਲੀਵੁੱਡ ਐਕਟਰ ਪਵਨ ਰਾਜ ਮਲਹੋਤਰਾ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹਨ ।ਉਨ੍ਹਾਂ ਦੇ ਨਾਲ ਅਰਜੁਨਾ ਭੱਲਾ, ਅਰਵਿੰਦਰ ਕੌਰ, ਮਾਸਟਰ ਯੁਵਰਾਜ ਅਤੇ ਸੁਧਾਂਸ਼ੂ ਅੱਗਰਵਾਲ ਨੇ ਇਸ ਫਿਲਮ ਦੇ ਕਲਾਕਾਰ ਹਨ।
ਫਿਲਮ ਦੀ ਕਾਮਯਾਬੀ ਲਈ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਆਏ ਪਵਨ ਰਾਜ ਮਲਹੋਤਰਾ ਨੇ ਮੱਥਾ ਟੁਕ ਕੇ ਅਸ਼ੀਰਵਾਦ ਲਿਆ ਅਤੇ ਇਸ ਤੋਂ ਬਾਅਦ ਸਥਾਨਕ ਹੋਟਲ ਵਿੱਚ ਮੀਡੀਆ ਨਾਲ ਮੁਲਾਕਾਤ ਕੀਤੀ। ਇਸ ਮੌਕੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰੈਜੀਡੈਂਟ ਬੀਬੀ (ਡਾ:) ਇੰਦਰਜੀਤ ਕੌਰ ਵੀ ਮੌਜੂਦ ਸਨ, ਜਿੰਨਾਂ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਦੀ ਪ੍ਰੇਰਕ ਕਹਾਣੀ, ਪਵਨ ਮਲਹੋਤਰਾ ਦੀ ਲਾਜਵਾਬ ਅਦਾਕਾਰੀ ਅਤੇ ਫ਼ਿਲਮ ਦਾ ਹਾਲ ਵਿਚ ਹੀ ਰਿਲੀਜ਼ ਹੋਇਆ ਸੰਗੀਤ ਬਿਹਤਰੀਨ ਸੁਮੇਲ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ।ਬੀਬੀ (ਡਾ:) ਇੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅਜਿਹੇ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਦੀ ਗਾਥਾ ਗਾਉਣ ਲੱਗਿਆਂ ਤਾਂ ਕਈ ਸਾਲ ਵੀ ਘੱਟ ਲੱਗਣ।ਭਗਤ ਪੂਰਨ ਸਿੰਘ ਜੀ ਦਾ ਦੂਜਿਆਂ ਦੀ ਭਲਾਈ ਲਈ ਜੋ ਯੋਗਦਾਨ ਰਿਹਾ, ਉਸ ਨੂੰ ਇੱਕ ਫ਼ਿਲਮ ਵਿਚ ਬਿਆਨ ਕਰਨਾ ਲਗਭਗ ਅਸੰਭਵ ਹੀ ਹੈ। ਫ਼ੇਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਮਹਾਨ ਸਖ਼ਸ਼ੀਅਤ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਪਰਦੇ ‘ਤੇ ਪੇਸ਼ ਕਰੀਏ।
ਐਕਟਰ ਪਵਨ ਰਾਜ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਨਾਲ ਜੁੜੀ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ।ਫ਼ਰਕ ਬੱਸ ਇੰਨਾ ਹੈ ਕਿ ਪਿਛਲੀ ਫ਼ਿਲਮ (ਪੰਜਾਬ 1984) ਕਲਪਨਾ ਭਰੀ ਸੀ ਅਤੇ ਇਹ ਫ਼ਿਲਮ ਸੱਚੀ ਘਟਨਾ ‘ਤੇ ਅਧਾਰਤ ਹੈ।ਇਸ ਕਿਰਦਾਰ ਲਈ ਉਨਾਂ ‘ਤੇ ਭਰੋਸਾ ਬਣਾਈ ਰੱਖਣ ਲਈ ਉਹ ਸਮੁੱਚੀ ਟੀਮ ਦਾ ਦਿਲੋਂ ਸ਼ੁਕਰਾਨਾ ਅਦਾ ਕਰਦੇ ਹਨ, ਕਿਉਂਕਿ ਭਗਤ ਪੂਰਨ ਸਿੰਘ ਜੀ ਦੀ ਸਖ਼ਸ਼ੀਅਤ ਦੇ ਸਾਹਮਣੇ ਉਹ ਮਿੱਟੀ ਦੇ ਕਣਾਂ ਜਿਹਾ ਮਹਿਸੂਸ ਕਰਦੇ ਹਨ। ਫ਼ੇਰ ਵੀ ਉਮੀਦ ਹੈ ਕਿ ਦਰਸ਼ਕਾਂ ਨੂੰ ਉਨਾਂ ਕੰਮ ਪਸੰਦ ਆਵੇਗਾ।
ਜਿਕਰਯੋਗ ਹੈ ਕਿ ਫ਼ਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਡਾਕਟਰ ਹਰਜੀਤ ਸਿੰਘ ਅਤੇ ਤੇਜਿੰਦਰ ਹਰਜੀਤ ਨੇ ਮਿਲ ਕੇ ਲਿਖੇ ਹਨ। ਫ਼ਿਲਮ ਦਾ ਸੰਗੀਤ ਤਿਆਰ ਕੀਤਾ ਹੈ ਗੁਰਮੋਹ ਅਤੇ ਵਿੱਕੀ ਭੋਈ ਨੇ ਅਤੇ ਸੰਗੀਤ ਤੇ ਪ੍ਰੋਮੋ ਰਲੀਜ਼ ਹੋ ‘ਤੇ ਇਸ ਦੇ ਗੀਤਾਂ ਨੂੰ ਖਾਸਾ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੇ ਐਡੀਟਰ ਅਤੇ ਐਸੋਸੀਏਟ ਡਾਇਰੈਕਟਰ ਪਰਮ ਸ਼ਿਵ ਹਨ।

ਇਹ ਫਿਲਮ ਬੇਸ਼ੱਕ ਪੰਜਾਬੀ ਹੈ, ਲੇਕਿਨ ਇਸ ਦੇ ਪੋਸਟਰਾਂ ‘ਤੇ  ਅਤੇ ਬੈਨਰਾਂ ‘ਤੇ ਪੰਜਾਬੀ ਦੀ ਅਣਦੇਖੀ ਕਾਫੀ ਚਰਚਾ ਦਾ ਵਿਸ਼ਾ ਬਣੀ।
ਇਸ ਰੂਬਰੂ ਮੌਕੇ ਕਰਨਲ ਦਰਸ਼ਨ ਸਿੰਘ ਅਤੇ ਡਾ. ਜਗਦੀਪਕਪਾਲ ਸਿੰਘ ਆਦਿ ਵੀ ਮੌਜੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply