ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਲਿਡ ਵੇਸਟ ਪ੍ਰਾਜੈਕਟ ਅਤੇ ਹੋਰ ਮੰਗਾਂ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਵਲੋਂ ਸ਼ੁਰੂ ਗਿਆ ਸੰਘਰਸ਼ ਅੱਜ ਸਮਾਪਤ ਹੋਣ ਦੇ ਆਸਾਰ ਬਣ ਗਏ, ਜਦ ਦੇਰ ਸ਼ਾਮ ਯੂਨੀਅਨ ਆਗੂਆਂ ਦੀ ਨਿਗਮ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨਾਲ ਹੋਈ ਬੈਠਕ ਵਿਚ ਮੰਗਾਂ ‘ਤੇ ਸਹਿਮਤੀ ਬਣ ਗਈ ਹੈ। ਫੈਸਲੇ ਮੁਤਾਬਕ ਕਮਿਸ਼ਨਰ ਵਲੋਂ ਮੰਨੀਆਂ ਮੰਗਾਂ ਦਾ ਵੇਰਵਾ ਮਿਲਣ ਉਪਰੰਤ ਸਵੇਰੇ ਮੁਲਾਜ਼ਮ ਸਫਾਈ ਅਤੇ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰ ਦੇਣਗੇ।7 ਦਿਨਾਂ ਦੀ ਹੜਤਾਲ ਦੌਰਾਨ ਸ਼ਹਿਰ ਵਿਚ 4200 ਟਨ ਤੋਂ ਜ਼ਿਆਦਾ ਕੂੜਾ ਇਕੱਠਾ ਹੋ ਚੁੱਕਾ ਹੈ, ਨਾਲ ਲੋਕਾਂ ਨੂੰ ਕਾਫੀ ਮੁਸਕਲ ਪੇਸ਼ ਆ ਰਹੀ ਸੀ। ਨਗਰ ਨਿਗਮ ਦੀ ਅੱਜ ਹੋਣ ਵਾਲੀ ਬੈਠਕ ਵਿਚ ਰੁਕਾਵਟ ਪਾਉਣ ਦੀ ਯੌਜਨਾ ਨੂੰ ਦੇਖਦਿਆਂ ਦੇਰ ਸ਼ਾਮ ਕਮਿਸ਼ਨਰ ਦੀ ਯੂਨੀਅਨ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕਰਕੇ ਮੁਲਾਜ਼ਮ ਮੰਗਾਂ ‘ਤੇ ਸਹਿਮਤੀ ਪ੍ਰਗਟਾਉਦੇ ਹੋਏ ਅਧਿਕਾਰੀਆਂ ਨੂੰ ਪ੍ਰੋਸੀਡਿੰਗ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਹਨ। ਅੱਜ ਦੀ ਮੀਟਿੰਗ ਬਾਰੇ ਕਮਿਸ਼ਨਰ ਖਰਬੰਦਾ ਨੇ ਦੱਸਿਆ ਕਿ ਯੂਨੀਅਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਸਵੇਰ ਤੋਂ ਸਫਾਈ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗੀ। ਇਸੇ ਦੌਰਾਨ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਯੂਨੀਅਨ ਆਗੂਆਂ ਵਲੋਂ ਪ੍ਰੋਸੀਡਿੰਗ ਮਿਲਣ ਦੇ ਬਾਅਦ ਹੀ ਹੜਤਾਲ ਖਤਮ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਿਗਮ ਅਧਿਕਾਰੀ ਡਾ. ਯੋਗੇਸ਼ ਅਰੋੜਾ, ਡੀ. ਸੀ. ਐੱਫ. ਏ. ਮਨੂ ਸ਼ਰਮਾ, ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ, ਜਸਵਿੰਦਰ ਸਿੰਘ, ਨਗਰ ਨਿਗਮ ਵਰਕਰਜ਼ ਯੂਨੀਅਨ ਦੇ ਮੇਜਰ ਸਿੰਘ ਮਿਊਂਸੀਪਲ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਦੇ ਚੇਅਰਮੈਨ ਚਰਨ ਦਾਸ, ਪ੍ਰਧਾਨ ਦਵਿੰਦਰ ਰਾਜਾ, ਜਨਰਲ ਸਕੱਤਰ ਸੁਰਿੰਦਰ ਟੋਨਾ, ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਨੋਦ ਬਿੱਟਾ, ਰਾਮ ਪ੍ਰਕਾਸ਼ ਬੱਬਾ, ਕੇਵਲ ਕੁਮਾਰ, ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …