Monday, July 8, 2024

ਵੀਨੂ ਬਾਦਲ ਨੇ ਬਾਦਲ ਪਰਿਵਾਰ ਸੂਬੇ ਦੇ ਖਜਾਨੇ ਦੀ ਮਾੜੀ ਹਾਲਤ ਲਈ ਜਿੰਮੇਵਾਰ ਠਹਿਰਾਇਆ

PPN300303
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪੀਪੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚ ਚੁੱਕੀ ਹੈ, ਜਿਸ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਚੋਣ ਸਰਗਰਮੀਆਂ ਤੇਜ ਕਰਦਿਆਂ ਪੂਰੀ ਤਾਕਤ ਲਾਈ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਅਗਵਾਈ ਵਿੱਚ ਉਮੀਦਵਾਰ ਮਨਪ੍ਰੀਤ ਬਾਦਲ ਦੀ ਧਰਮ ਪਤਨੀ ਵੀਨੂ ਬਾਦਲ ਨੇ ਵੱਖ-ਵੱਖ ਵਾਰਡਾਂ ਵਿੱਚ ਦੋ ਦਰਜਨ ਦੇ ਕਰੀਬ ਮੀਟਿੰਗਾਂ ਨੂੰ ਸੰਬੋਧਨ ਕੀਤਾ।ਬਾਦਲ ਪਰਿਵਾਰ ਨੂੰ ਕਰੜੇ ਹੱਥੀ ਲੈਂਦਿਆਂ ਜਿਥੇ ਸ੍ਰ. ਜੱਸੀ ਨੇ ਸੂਬੇ ਦੇ ਖਜਾਨੇ ਦੀ ਮਾੜੀ ਹਾਲਤ ਲਈ ਜਿੰਮੇਵਾਰ ਕਰਾਰ ਦਿੰਦਿਆਂ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ ਉਥੇ ਹੀ ਵੀਨੂ ਬਾਦਲ ਨੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰਾਮਾਂ ਰਿਫਾਇਨਰੀ ਵਿੱਚ ਲੱਖਾਂ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਉਸ ਰਿਫਾਇਨਰੀ ਵਿੱਚ 124 ਪੰਜਾਬੀਆਂ ਨੂੰ ਬਾਮੁਸ਼ਕਲ ਰੁਜ਼ਗਾਰ ਮਿਲਿਆ।ਪੰਜਾਬ ਨੂੰ ਕੈਲੇਫੋਰਨੀਆਂ ਬਨਾਉਣ ਵਾਲੇ ਉਪ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਕੇ ਉਹਨਾਂ ਅਤੇ ਉਹਨਾਂ ਦੀ ਧਰਮ ਪਤਨੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੌਂ ਲੋਕ ਸਭਾ ਹਲਕਾ ਬਠਿੰਡਾ ਲਈ ਕੀ ਕੀਤਾ? ਉਹ ਸ਼ਹਿਰੀਆਂ ਨੂੰ ਲਾਏ ਇੱਕ ਵੀ ਪ੍ਰੋਜੈਕਟ ਬਾਰੇ ਸਥਿਤੀ ਸਪਸ਼ਟ ਕਰਨ।ਉਹਨਾਂ ਹਰਿਆਣਾ ਸੂਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਥੇ ਪੈਨਸ਼ਨ, ਸ਼ਗਨ ਸਕੀਮ, ਵਜੀਫੇ ਸਮੇਂ ਸਿਰ ਮਿਲਦੇ ਹਨ ਤੇ ਉਹ ਵੀ ਪੰਜਾਬ ਨਾਲੋਂ ਚੌਗਣੇ ਵੱਧ ਦਿੱਤੇ ਜਾ ਰਹੇ ਹਨ ਪਰ ਪੰਜਾਬ ਸਰਕਾਰ ਤਾਂ ਪੈਨਸ਼ਨ ਤਾਂ ਕੀ ਦੇ ਸਕੇਗੀ ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਸੂਬੇ ਦੀ ਤਰੱਕੀ ਕਰਨ ਦੀ ਬਜਾਏ ਬਠਿੰਡਾ ਨੂੰ ‘ਨਸ਼ਿਆਂ ਅਤੇ ਕੈਂਸਰ’ ਦਾ ‘ਹੈਡਕੁਆਟਰ’ ਬਣਾ ਕੇ ਰੱਖ ਦਿੱਤਾ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਜਵਾਬ ਦੇਣ ਕਿ ਉਹਨਾਂ ਦੇ ਪਰਿਵਾਰਕ ਲੋਕ ਸਭਾ ਹਲਕਾ ਬਠਿੰਡਾ ਵਿੱਚੋਂ ਕਿੰਨੇ ਆਈਏਐਸ ਅਤੇ ਆਈਪੀਐਸ ਬਣੇ ਹਨ? ਤੇ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਤੇ ਰੁਜ਼ਗਾਰ ਦੇ ਕੀ ਸਾਧਨ ਪੈਦਾ ਕੀਤੇ? ਉਹਨਾਂ ਲੋਕ ਸਭਾ ਹਲਕਾ ਦੇ ਸਮੂਹ ਵੋਟਰਾਂ ਨੂੰ ਸੂਬੇ ਦੀ ਖੁਸ਼ਹਾਲੀ, ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਮੁੱਖ ਰੱਖ ਕੇ ਵੋਟ ਪਾਉਣ ਦਾ ਸੱਦਾ ਦਿੱਤਾ ਤੇ ਮਨਪ੍ਰੀਤ ਬਾਦਲ ਨੂੰ ਜਿੰਮੇਵਾਰੀ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਤਾਕਤ ਵਿੱਚ ਆਉਣ ਨਾਲ ਇਸ ਇਲਾਕੇ ਦੀ ਤਰੱਕੀ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ।ਇਸ ਮੌਕੇ ਉਹਨਾਂ ਦੇ ਨਾਲ ਸ਼ਹਿਰ ਪ੍ਰਧਾਨ ਮੋਹਨ ਲਾਲ ਝੁੰਬਾ, ਇਕਬਾਲ ਢਿੱਲੋਂ ਕਾਰਜਕਾਰੀ ਮੈਂਬਰ, ਅਸ਼ੋਕ ਕੁਮਾਰ ਕਾਰਜਕਾਰੀ ਮੈਂਬਰ, ਕੁਲਜੀਤ ਗੋਗੀ, ਜਸਵੰਤ ਗੋਲਡੀ, ਅਸ਼ਵਨੀ ਗੋਇਲ, ਅਮਰਿੰਦਰ ਸਿੱਧੂ, ਪੀਪੀਪੀ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਚਹਿਲ, ਦਵਿੰਦਰ ਦਿੱਪੀ ਅਤੇ ਧਰਮ ਸਿੰਘ ਸੰਘਾ, ਸਰਬਜੀਤ ਸਿੰਘ ਭਾਰਾ, ਸੰਦੀਪ ਸੋਨੀ ਸਿੱਧੂ, ਮਿਸੇਜ ਰੂਬੀ ਗਰੇਵਾਲ, ਸੁਖਦੇਵ ਸੁੱਖਾ ਐਮਸੀ, ਮੁਕੇਸ਼ ਐਮਸੀ, ਜਗਰਾਜ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply