ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰ ਜੱਸੀ) – ਜ਼ਿਲਾ ਚੋਣਕਾਰ ਅਫਸਰ ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ ਅੱਜ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਦਰਮਿਆਨ ਲਏ ਜਾਣੇ ਹਨ। ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਉਣ ਸਮੇਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਦੇ ਦਾਇਰੇ ਵਿੱਚ ਤਿੰਨ ਗੱਡੀਆਂ ਤੋਂ ਵੱਧ ਦਾ ਕਾਫਲਾ ਦਾਖਲ ਨਹੀਂ ਹੋਵੇਗਾ ਅਤੇ ਉਮੀਦਵਾਰ ਸਮੇਤ ਕੁੱਲ ਪੰਜ ਵਿਅਕਤੀਆਂ ਤੋਂ ਵਧੇਰੇ ਵਿਅਕਤੀ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੇ ਕਮਰੇ ਵਿੱਚ ਦਾਖਲ ਨਹੀਂ ਹੋ ਸਕਣਗੇ। ਉਨਾਂ ਦੱਸਿਆ ਕਿ ਨਾਮਜ਼ਦਗੀਆਂ ਸਮੇਂ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਜਨਰਲ ਵਰਗ ਦੇ ਉਮੀਦਵਾਰ ਨੂੰ ਸਕਿਉਰਟੀ ਵਜੋਂ 25 ਹਜ਼ਾਰ ਰੁਪਏ ਜਮਾਂ ਕਰਵਾਉਣੇ ਹੋਣਗੇ ਅਤੇ ਅਨੂਸੂਚਿਤ ਜਾਤੀ ਦੇ ਉਮੀਦਵਾਰ ਨੂੰ ਸਕਿਉਰਟੀ ਵਜੋਂ 12050 ਰੁਪਏ ਜਮਾਂ ਕਰਵਾਉਣਗੇ। ਉਨਾਂ ਦੱਸਿਆ ਕਿ ਉਮੀਦਵਾਰ ਵੱਲੋਂ ਵੱਖਰਾ ਬੈਂਕ ਖਾਤਾ ਖੁਲਵਾਇਆ ਜਾਣਾ ਹੈ ਅਤੇ ਸਾਰੇ ਚੋਣ ਖਰਚੇ ਉਮੀਦਵਾਰ ਨੂੰ ਇਸੇ ਬੈਂਕ ਖਾਤੇ ਵਿੱਚੋਂ ਹੀ ਕਰਨੇ ਪੈਣਗੇ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਦੇ ਚੋਣ ਖਰਚ ਦੀ ਹੱਦ 70 ਲੱਖ ਰੁਪਏ ਤੈਅ ਕੀਤੀ ਗਈ ਹੈ ਅਤੇ ਇਸ ਖਰਚੇ ਦਾ ਹਿਸਾਬ ਨਾਮਜ਼ਦਗੀ ਪੱਤਰ ਦਾਖਲ ਹੋਣ ਨਾਲ ਹੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸ਼੍ਰੇਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ, ਤਹਿਸੀਲਦਾਰ ਚੋਣਾਂ ਭਾਰਤ ਭੂਸ਼ਨ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …