Sunday, December 22, 2024

ਕਾਂਗਰਸੀ ਗਲ ਪਿਆ ਢੋਲ ਵਜਾਉਣ ਲਈ ਮਜਬੂਰ – ਮਜੀਠੀਆ

ਹੰਕਾਰ ਅਤੇ ਗਲਤ ਨੀਤੀਆਂ ਕਾਰਨ ਕੈਪਟਨ ਨੂੰ 10 ਤੋਂ ਵੱਧ ਵਾਰੀ ਲੋਕਾਂ ਦਿੱਤੀ ਹਾਰ

PPN040401
ਅੰਮ੍ਰਿਤਸਰ, 4  ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਤਿਹਾਸ ‘ਚ ਕਾਂਗਰਸ ਪਾਰਟੀ ਲਈ ਇਹ ਸਭ ਤੋਂ ਵੱਡੀ ਨਮੋਸ਼ੀ ਦੀ ਗੱਲ ਹੈ ਕਿ ਕੌਮੀ ਪੱਧਰ ‘ਤੇ ਕਾਂਗਰਸ ਲੋਕਾਂ ਤੋਂ ਟੁੱਟੀ ਹੋਣ ਕਾਰਨ ਜਿਥੇ ਹਾਰੀ ਹੋਈ ਲੜਾਈ ਲੜ ਰਹੀ ਹੈ ਉੱਥੇ ਗਲ ਪਿਆ ਢੋਲ ਵਜਾਉਣ ਲਈ ਮਜਬੂਰ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਵੱਲੋਂ ਕਾਂਗਰਸ ਨੂੰ ਤਿਲਾਂਜਲੀ ਦੇ ਕੇ ਭਾਜਪਾ ਦਾ ਦਾਮਨ ਫੜਿਆ ਜਾ ਰਿਹਾ ਹੋਣਾ ਕਾਂਗਰਸ ਦੀ ਖੋਖਲੇ ਢਾਂਚੇ ਅਤੇ ਸਿਆਸੀ ਦਿਵਾਲੀਆਪਨ ਨੂੰ ਦਰਸਾ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਹਾਲਤ ਅੱਜ ਉਸ ਬਰਾਤ ਵਰਗੀ ਹੋ ਗਈ ਹੈ ਜਿਸ ਦਾ ਲਾੜਾ ਘੋੜੀ ਚੜ ਕੇ ਵੀ ਭੱਜ ਨਿਕਲਿਆ ਹੈ। ਉਹਨਾਂ ਗੌਤਮ ਬੁੱਧ ਨਗਰ (ਨੋਇਡਾ) ਤੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਰਮੇਸ਼ ਚੰਦਰ ਤੋਮਰ ਵੱਲੋਂ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਦਾਮਨ ਫੜਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਲੱਗ ਰਿਹਾ ਝਟਕੇ ‘ਤੇ ਝਟਕਾ ਜਾਰੀ ਹੈ। ਕਾਂਗਰਸ ਦੇ ਸੀਨੀਅਰ ਆਗੂ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਨੇ ਉਕਤ ਹਾਰੀ ਹੋਈ ਲੜਾਈ ਨੂੰ ਜਨਤਕ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਵਿੱਚ ਸਥਿਤੀ ਵੀ ਦੇਸ਼ ਵੱਖ ਨਹੀਂ ਕਿੰਨੀ ਹਾਸੋ ਹੀਣੀ ਗੱਲ ਹੈ ਕਿ ਇੱਥੋਂ ਦੇ ਕਾਂਗਰਸੀ ਆਗੂਆਂ ‘ਚੋ ਵੀ ਕੋਈ ਤਾਂ ਆਪਣੇ ਆਪ ਨੂੰ ਸੰਭਾਵੀ ਮੁੱਖ ਮੰਤਰੀ ਦੱਸ ਕੇ ਵੋਟਾਂ ਲਈ ਤਰਲੋਮੱਛੀ ਹੋ ਰਿਹਾ ਹੈ ਤੇ ਕਈ ਤਾਂ ਦੂਜਿਆਂ ਠਿੱਬੀ ਲਾਉਣ ਲਈ ਉਤਾਵਲੇ ਹੋਏ ਆਪਣੇ ਆਪ ਨੂੰ ਆਉਣ ਵਾਲਾ ਸੂਬਾ ਪ੍ਰਧਾਨ ਦੱਸ ਰਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਕਤ ਨਮੋਸ਼ੀਜਨਕ ਸਥਿਤੀ ‘ਚੋਂ ਉੱਭਰ ਨਹੀਂ ਸਕੇ ਹਨ । ਜਿਸ ਕਰ ਕੇ ਉਹ ਬੁਖਲਾਹਟ ਵਿੱਚ ਆ ਕੇ ਕੁੱਝ ਵੀ ਊਲ-ਜਲੂਲ ਬੋਲ ਰਹੇ ਹਨ।ਉਹਨਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਅਣਕਿਆਸੀ ਹਾਰ ਨੂੰ ਵੇਖਦਿਆਂ ਕੈਪਟਨ ਵੱਲੋਂ ਉਨਾਂ ‘ਤੇ ਧਮਕੀਆਂ ਦੇਣ ਦੇ ਬੇਵਜਾ ਦੋਸ਼ ਲਗਾ ਰਹੇ ਹਨ, ਪਰ ਕੈਪਟਨ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਮਜੀਠੀਆ ਧਮਕੀਆਂ ਦੇਣ ਵਿੱਚ ਨਹੀਂ ਸਗੋਂ ਜ਼ਮੀਨੀ ਪੱਧਰ ‘ਤੇ ਵਿਕਾਸ ਕਰਕੇ ਵਿਖਾਉਣ ਵਿੱਚ ਵਿਸ਼ਵਾਸ ਰੱਖਦਾ ਹੈ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ – ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ‘ਚ ਚੋਣ ਪ੍ਰਚਾਰ ਵਿੱਚ ਮਸਰੂਫ਼ ਰਹੇ ਸ: ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਸਰਕਾਰ ਖ਼ਿਲਾਫ਼ ਗੁੱਸੇ ਦੀ ਲਹਿਰ ਹੋਣ ਸਬੰਧੀ ਦਾਅਵੇ ‘ਤੇ ਚੋਟ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਜੇ ਲੋਕਾਂ ਨੂੰ ਪ੍ਰਭਾਵਿਤ ਨਾ ਕਰਦੀਆਂ ਤਾਂ ਪੰਜਾਬ ਵਿੱਚ ਅਕਾਲੀ-ਭਾਜਪਾ ਨੂੰ ਇੰਨੀ ਕਾਮਯਾਬੀ ਨਾ ਮਿਲਦੀ।ਉਨਾਂ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਉਨਾਂ ‘ਤੇ ਪਲਟਵਾਰ ਕੀਤਾ ਤੇ ਕਿਹਾ ਕਿ ” ਹਰੇਕ ਪੰਜਾਬੀ ਨੂੰ ਪਤਾ ਹੈ ਕਿ ਕੈਪਟਨ ਦੇ ਮੁੱਖ ਮੰਤਰੀ ਸਮੇਂ ਦੌਰਾਨ ਉਨਾਂ ਪੰਜਾਬ ਦੀ ਉੱਨਤੀ ਅਤੇ ਵਿਕਾਸ ਬਾਰੇ ਸੋਚਣ ਦੀ ਥਾਂ ਉਨਾਂ ਦੀ ਪ੍ਰਾਪਤੀ ਇਹੀ ਰਹੀ ਕਿ ਸਿਆਸੀ ਬਦਲਾਖੋਰੀ ਅਤੇ ਧੱਕੇਸ਼ਾਹੀ ਕਰਦਿਆਂ ਸ: ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅੱਧੀ ਦਰਜਨ ਤੋਂ ਵੱਧ ਸੀਨੀਅਰ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ ਭੇਜਿਆ, ਇੱਥੋਂ ਤੱਕ ਕਿ ਬਾਦਲ ਪਰਿਵਾਰ ਦੀਆਂ ਔਰਤਾਂ ਨੂੰ ਵੀ ਪਰੇਸ਼ਾਨ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਕੀ ਕੈਪਟਨ ਨੇ ਮਿੱਥ ਕੇ ਬਾਦਲ ਪਰਿਵਾਰ ਦੀਆਂ ਜਾਇਦਾਦਾਂ ਇੱਥੋਂ ਤੱਕ ਕਿ ਸਰਕਾਰੀ ਰਿਹਾਇਸ਼ ‘ਤੇ ਵੀ ਪੈਮਾਇਸ਼ ਕਰਵਾ ਕੇ ਜਲਾਲਤ ਭਰਿਆ ਕਾਰਾ ਨਹੀਂ ਕੀਤਾ।
ਉਨਾਂ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਲੋਟੂ ਤੇ ਰਜਵਾੜਾਸ਼ਾਹੀ ਮਾਨਸਿਕਤਾ ਤਹਿਤ ਲੋਕਾਂ ਨੂੰ ਤਾਂ ਕੀ ਮਿਲਣਾ ਸੀ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਮਿਲਣਾ ਮੁਨਾਸਬ ਨਹੀਂ ਸਮਝਿਆ। ਪੰਜਾਬ ਦੀ ਜਨਤਾ ਨੂੰ ਸਹੂਲਤਾਂ ਕੀ ਦੇਣੀਆਂ ਸਨ, ਸਗੋਂ ਮਿਲਦੀਆਂ ਸਬਸਿਡੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ। ਰੋਜ਼ਗਾਰ ਦੇ ਸਾਧਨ ਜੁਟਾਉਣ ਦੀ ਥਾਂ ਸਰਕਾਰੀ ਨੌਕਰੀਆਂ ਦੀ ਭਰਤੀ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ। ਕੀ ਇਹ ਸੱਚ ਨਹੀਂ ਕਿ ਕੈਪਟਨ ਖੁਦ ਐਸ਼ਪ੍ਰਸਤ ਜ਼ਿੰਦਗੀ ਮਾਣਦੇ ਰਹੇ ਪਰ ਪੰਜਾਬ ਦੀ ਜਨਤਾ ਵਿਕਾਸ ਅਤੇ ਸਹੂਲਤਾਂ ਨੂੰ ਤਰਸਦੇ ਰਹੇ। ਪੰਜਾਬ ਦੇ ਲੋਕ ਜਾਣਦੇ ਹਨ ਕਿ ਕੈਪਟਨ ਨੇ ਵਿਰੋਧੀਆਂ ਪ੍ਰਤੀ ਡਾਂਗ ਫੇਰਨ, ਪੁੱਠੇ ਲਟਕਾਉਣ, ਲੰਮੇ ਪਾਉਣ ਆਦਿ ਭੱਦੀ ਸ਼ਬਦਾਵਲੀ ਵਰਤ ਕੇ ਭੜਕਾਊ ਭਾਸ਼ਣਾਂ ਰਾਹੀਂ ਸਿਆਸੀ ਅਤੇ ਸਮਾਜਿਕ ਮਾਹੌਲ ਵਿੱਚ ਕੁੜੱਤਣ ਭਰਦਾ ਰਿਹਾ। ਕੀ ਉਕਤ ਕਾਰਿਆਂ ਕਾਰਨ ਪੰਜਾਬ ਦੇ ਲੋਕਾਂ ਨੇ ਤੁਹਾਨੂੰ 2002 ਤੋਂ ਬਾਅਦ ਆਈ ਦਰਜਨਾਂ ਚੋਣਾਂ ਦੌਰਾਨ ਬੁਰੀ ਤਰਾਂ ਮਾਂਜਾ ਨਹੀਂ ਫੇਰਿਆ?
ਕੀ ਇਹ ਸੱਚ ਨਹੀਂ ਕਿ ਕੈਪਟਨ ਆਪਣੇ ਸਿਆਸੀ ਵਿਰੋਧੀਆਂ ਜਿਨਾਂ ਚਿਰ ਭਾਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਬਾਜਵਾ ਹੀ ਕਿਉਂ ਨਾ ਹੋਵੇ ਨੂੰ ਗੁਠੇ ਲਾਉਣ ਲਈ ਘਟੀਆ ਪੱਧਰ ਦੀਆਂ ਸਿਆਸੀ ਕਲਾਬਾਜ਼ੀਆਂ ਅਤੇ ਸਾਜ਼ਿਸ਼ਾਂ ਨਹੀਂ ਬੁਣਦੇ ਰਹੇ।
ਕੈਪਟਨ ਨੂੰ ਵਿਕਾਸ ਕਾਰਜਾਂ ਪ੍ਰਤੀ ਚੁਣੌਤੀ ਦਿੰਦਿਆਂ ਸਵਾਲ ਕੀਤਾ ਕਿ ਕੀ ਮਜੀਠਾ ਹਲਕਾ ਵਿਕਾਸ ਪੱਖੋਂ ਸਮਾਣਾ ਹਲਕਾ ਜਿਸ ਦੀ ਨੁਮਾਇੰਦਗੀ ਕੈਪਟਨ ਕਰਦਾ ਰਿਹਾ ਤੋਂ ਕਿਤੇ ਅੱਗੇ ਨਹੀਂ ਲੰਘ ਗਿਆ। ਮਜੀਠਾ ਹਲਕੇ ਦੀ ਨੁਹਾਰ ਬਦਲੀ ਅਤੇ ਕਰਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨਾਂ ਦੱਸਿਆ ਕਿ ਮਜੀਠੇ ‘ਚ ੫ ਨਵੇਂ ਬਿਜਲੀ ਘਰ, ੫ ਦਾਣਾ ਨਵੀਆਂ ਮੰਡੀਆਂ, 2 ਨਵੇਂ ਬੱਸ ਸਟੈਂਡ, 14  ਏਅਰਟੈਲ ਸਕੂਲ, 19 ਸਰਕਾਰੀ ਅਪਗਰੇਡ, 2 ਆਦਰਸ਼ ਸਕੂਲ, ਇੱਕ ਲੜਕੀਆਂ ਦਾ ਕਾਲਜ, 25 ਨਵੇਂ ਪੁਲ, 50  ਤੋਂ ਵੱਧ ਨਵੀਆਂ ਸੜਕਾਂ, ਦਰਜਨਾਂ ਹੀ ਸੜਕਾਂ ਚੌੜੀਆਂ ਕਰਵਾਉਣ ਤੋਂ ਇਲਾਵਾ ਹਜ਼ਾਰਾਂ ਪਖਾਨੇ, ਸੈਂਕੜੇ ਜਿੰਮ, ਸਾਫ਼ ਪਾਣੀ ਲਈ ਸੈਂਕੜੇ ਪਾਣੀ ਦੀਆਂ ਟੈਂਕੀਆਂ ਅਤੇ 1500 ਤੋਂ ਵੱਧ ਡੇਰਿਆਂ ਨੂੰ ਪੱਕੇ ਰਸਤੇ ਬਣਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ। ਜਿਸ ਕਾਰਨ ਹਲਕਾ ਮਜੀਠਾ ਹਰ ਚੋਣ ਵਿੱਚ ਕਾਂਗਰਸ ਦਾ ਸਫਾਇਆ ਕਰਨ ਵਿੱਚ ਮੋਹਰੀ ਰਿਹਾ ਤੇ ਰਹੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply