ਪ੍ਰਿੰ: ਭੰਗੂ ਨੇ ਸਕੂਲ ਦੇ ਪੁਰਾਣੇ ਖਿਡਾਰੀ ਦਾ ਸਕੂਲ ਪਹੁੰਚਣ ‘ਤੇ ਕੀਤਾ ਸ਼ਾਨਦਾਰ ਸਵਾਗਤ
ਅੰਮ੍ਰਿਤਸਰ, 8 ਅਪ੍ਰੈਲ (ਪੀਤਮ ਸਿੰਘ) – ਬਾਕਸਰ ਤੋਂ ਗਾਇਕ ਬਣੇ ਆਰਿਫ਼ ਸਿੰਘ ਨੇ ਅੱਜ ਇੱਥੇ ਆਪਣੇ ਮੁੱਖ ਸਿਖਲਾਈ ਕੇਂਦਰ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਆ ਕੇ ਆਪਣੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਖਿਡਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਕੂਲ ਪ੍ਰਿੰ: ਨਿਰਮਲ ਸਿੰਘ ਭੰਗੂ ਨੇ ਆਰਿਫ਼ ਸਿੰਘ ਦਾ ਸਕੂਲ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ।
ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਰਿਫ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਨੌਸ਼ਹਿਰਾ ਪਨੂੰਆਂ ਦਾ ਵਸਨੀਕ ਹੈ ਅਤੇ ਇੱਥੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਾਫ਼ੀ ਸਮੇਂ ਤੱਕ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਬਾਕਸਿੰਗ ਦੀ ਸਿਖਲਾਈ ਲੈ ਕੇ ਰਾਸ਼ਟਰੀ ਪੱਧਰ ‘ਤੇ ਕਈ ਤਮਗੇ ਵੀ ਜਿੱਤੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਕਸਿੰਗ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਸੀ, ਜਿਸ ਕਾਰਨ ਉਹ ਮੁੰਬਈ ਆਏ ਅਤੇ ਇੱਥੇ ਗਾਇਕੀ ਦੇ ਆਡੀਸ਼ਨ ਵਿੱਚ ਉਨ੍ਹਾਂ ਦੀ ਚੋਣ ਹੋ ਗਈ। ਆਰਿਫ਼ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਸਿੱਧ ਅਦਾਕਾਰ ਨੀਲ ਨਿਤੀਨ ਮੁਕੇਸ਼ ਦੀ ਅਗਲੀ ਹਿੰਦੀ ਫ਼ਿਲਮ ‘ਇਸ਼ਕੇਰੀਆ’ ਵਿੱਚ 2 ਟਾਈਟਲ ਗੀਤ ਵੀ ਗਾਏ ਹਨ, ਜਿਹੜੀ ਕਿ ਜਲਦੀ ਹੀ ਰਿਲੀਜ਼ ਹੋਵੇਗੀ। ਇਸਦੇ ਇਲਾਵਾ ਉਹ ‘ਜਾਲੇ ਨਾ ਤੂੰ’ ਐਲਬਮ ਅਤੇ ‘ਪਾਰਟੀ ਬੰਦ ਕਰੋ’ ਸਿੰਗਲਟਰੇਕ ਗੀਤ ਵੀ ਗਾਅ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਾਕਸਿੰਗ ਉਨ੍ਹਾਂ ਦਾ ਪਹਿਲਾ ਪਿਆਰ ਹੈ ਅਤੇ ਇਸ ਖੇਡ ਨੂੰ ਉਹ ਬਾਲੀਵੁਡ ਵਿੱਚ ਰਹਿੰਦੇ ਹੋਏ ਵੀ ਉਤਸ਼ਾਹਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ।
ਪ੍ਰਿੰ: ਨਿਰਮਲ ਸਿੰਘ ਭੰਗੂ ਨੇ ਆਰਿਫ ਸਿੰਘ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਉਨ੍ਹਾਂ ਦੇ ਸਕੂਲ ਦਾ ਪੁਰਾਣਾ ਖਿਡਾਰੀ ਬਾਲੀਵੁਡ ਵਿੱਚ ਵੀ ਗਾਇਕ ਦੇ ਰੂਪ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਤਰੱਕੀ ਕਰਕੇ ਸਕੂਲ ਦਾ ਨਾਂ ਰੌਸ਼ਨ ਕਰਦਾ ਰਹੇਗਾ। ਇਸ ਦੌਰਾਨ ਪ੍ਰਿੰ: ਭੰਗੂ ਨੇ ਆਰਿਫ਼ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖ਼ਾਲਸਾ ਕਾਲਜ ਦੇ ਖੇਡ ਇੰਚਾਰਜ ਸ: ਦਲਜੀਤ ਸਿੰਘ, ਕੋਚ ਬਲਜਿੰਦਰ ਸਿੰਘ, ਆਰਿਫ਼ ਸਿੰਘ ਦੇ ਪਿਤਾ ਸ: ਪਰਮਜੀਤ ਸਿੰਘ ਪਨੂੰ, ਸਾਹਿਲ ਸ਼ਰਮਾ ਅਤੇ ਸਕੂਲ ਦੇ ਬਾਕਸਿੰਗ ਖਿਡਾਰੀ ਮੌਜ਼ੂਦ ਸਨ।